ਫਾਜ਼ਿਲਕਾ, 17 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਕਰਵਾਏ ਜਾ ਰਹੇ ਜਾਗਰੂਕਤਾ ਸਮਾਗਮਾਂ ਦੀ ਲੜੀ ਤਹਿਤ ਇਤਿਹਾਸਕ ਘੰਟਾਘਰ ਚੌਕ ਫਾਜ਼ਿਲਕਾ ਵਿਖੇ ਮਨੁੱਖੀ ਲੜੀ ਬਣਾਈ ਗਈ। ਇਸ ਜਾਗਰੂਕਤਾ ਮੁਹਿੰਮ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਅਤੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਘੰਟਾ ਘਰ ਨੂੰ ਗਲਵਕੜੀ ਵਿਚ ਲੈਂਦਿਆਂ ਇਸ ਦੇ ਦੁਆਲੇ ਮਨੁੱਖੀ ਲੜੀ ਬਣਾ ਕੇ ਸਮਾਜ ਨੂੰ ਨਸ਼ਿਆਂ ਖਿਲਾਫ ਲਾਮਬੰਦ ਹੋਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਆਈਏਐਸ ਵਿਸੇਸ਼ ਤੌਰ ਤੇ ਵਿਦਿਆਰਥੀਆਂ ਦੀ ਹੌਂਸਲਾਂ ਅਫਜਾਈ ਲਈ ਇੱਥੇ ਪੁੱਜੇ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਸ਼ੇ ਸਮਾਜ ਲਈ ਇੱਕ ਭਿਆਨਕ ਚੁਣੌਤੀ ਹਨ ਅਤੇ ਇਸ ਮੁਹਿੰਮ ਵਿੱਚ ਹਰੇਕ ਸ਼ਖ਼ਸ ਦੀ ਭੂਮਿਕਾ ਅਹਿਮ ਹੈ।
ਉਨ੍ਹਾਂ ਕਿਹਾ, “ਨਸ਼ਾ ਨਾ ਸਿਰਫ਼ ਇਨਸਾਨੀ ਸਿਹਤ ਨੂੰ ਖਤਰਾ ਪਹੁੰਚਾਉਂਦਾ ਹੈ, ਸਗੋਂ ਸਮਾਜਿਕ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਅਸੀਂ ਸਭ ਨੇ ਮਿਲ ਕੇ ਨਸ਼ਿਆਂ ਵਿਰੁੱਧ ਲੜਾਈ ਲੜਣੀ ਹੈ। ਇਹ ਮਨੁੱਖੀ ਲੜੀ ਇਕ ਸਿਰਫ਼ ਰੂਪਕ ਨਹੀਂ, ਸਗੋਂ ਅਸਲ ਸੰਕਲਪ ਹੈ ਕਿ ਅਸੀਂ ਸਭ ਇੱਕਜੁਟ ਹਾਂ।”
ਡੀ.ਸੀ. ਨੇ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਖ-ਵੱਖ ਪੱਧਰਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਮਾਜਿਕ ਜਾਗਰੂਕਤਾ ਨਾਲ ਇਸ ਲੜਾਈ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਨਸ਼ਿਆਂ ਸਬੰਧੀ ਕੋਈ ਵੀ ਗਤਿਵਿਧੀ ਵੇਖਣ ‘ਤੇ ਤੁਰੰਤ ਸੂਚਨਾ ਪੁਲਿਸ ਨੂੰ ਦੇਣ ਅਤੇ ਇਸ ਮੁਹਿੰਮ ਦੇ ਸੱਚੇ ਸਿਪਾਹੀ ਬਣਨ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਵਿੰਦਰ ਸਿੰਘ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਭਾਗੀਦਾਰੀ ਨਾਲ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਦੀਪ ਸਿੰਘ ਮਾਵੀ, ਮੁੱਖ ਮੰਤਰੀ ਫੀਲਡ ਅਫ਼ਸਰ ਰੁਪਾਲੀ ਟੰਡਨ, ਸਕੂਲ ਪ੍ਰਿੰਸੀਪਲ ਸੁਤੰਤਰ ਬਾਲਾ, ਰੈਡ ਕ੍ਰਾਸ ਸਕੱਤਰ ਸੰਜੀਵ ਸੇਠੀ, ਡੀਐਨਓ ਵਿਜੈ ਪਾਲ ਤੇ ਗੁਰਛਿੰਦਰ ਸਿੰਘ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ, ਅਧਿਆਪਕ, ਮਾਪੇ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇਂਦੇ ਵੀ ਮੌਜੂਦ ਰਹੇ। ਉਨ੍ਹਾਂ ਨੇ ਵੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੂਰੀ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੰਚ ਸੰਚਾਲਣ ਪ੍ਰਿੰਸੀਪਲ ਰਾਜਿੰਦਰ ਵਿਖੋਣਾ ਨੇ ਆਪਣੇ ਦਿਲਕਸ਼ ਅੰਦਾਜ ਵਿਚ ਵਾਖੂਬੀ ਕੀਤਾ।
Published on: ਅਪ੍ਰੈਲ 17, 2025 12:59 ਬਾਃ ਦੁਃ