ਚੰਡੀਗੜ੍ਹ, 19 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਰਾਜ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ, ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਵੱਲੋਂ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਦੋ ਵੱਖ-ਵੱਖ ISI-ਸਮਰਥਿਤ ਅੱਤਵਾਦੀ ਮਾਡਿਊਲਾਂ ਦਾ ਸਫਲਤਾਪੂਰਵਕ ਪਰਦਾਫਾਸ਼ ਕਰਕੇ ਰਾਜ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ-ਜਿਸ ਵਿੱਚ ਦੋ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਸਮੇਤ ਇੱਕ ਲਾਂਚਰ ਸ਼ਾਮਲ ਹਨ, ਵੀ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਦੋ ਵੱਖ-ਵੱਖ ਖੁਫੀਆ ਆਪ੍ਰੇਸ਼ਨਾਂ ਤਹਿਤ ਕਾਊਂਟਰ ਇੰਟੈਲੀਜੈਂਸ (CI) ਜਲੰਧਰ ਅਤੇ ਜ਼ਿਲ੍ਹਾ ਪੁਲਿਸ ਬਟਾਲਾ ਨੇ ਦੋਵਾਂ ਮਾਡਿਊਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਟ ਕੀਤਾ ਅਤੇ ਇੱਕ ਨਾਬਾਲਗ ਸਮੇਤ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਜੀਪੀ ਨੇ ਕਿਹਾ, ‘‘ਪਾਕਿਸਤਾਨ-ਅਧਾਰਤ ਆਈਐਸਆਈ ਵੱਲੋਂ ਸਪਾਂਸਰ ਕੀਤੇ ਗਏ ਅੱਤਵਾਦੀ ਮਾਡਿਊਲਾਂ ਨੂੰ ਬੀ.ਕੇ.ਆਈ. ਵੱਲੋਂ ਨਿਯੰਤਰਿਤ ਕੀਤਾ ਜਾ ਰਿਹਾ ਸੀ, ਜਿਨ੍ਹਾਂ ਦੇ ਦੋ ਮੁੱਖ ਸੰਚਾਲਨ ਨੋਡ ਸਨ – ਫਰਾਂਸ-ਅਧਾਰਤ ਸਤਨਾਮ ਸਿੰਘ ਉਰਫ ਸੱਤਾ ਅਤੇ ਗ੍ਰੀਸ-ਅਧਾਰਤ ਜਸਵਿੰਦਰ ਸਿੰਘ ਉਰਫ ਮੰਨੂ ਅਗਵਾਨ,’’। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਦੋਸ਼ੀਆਂ ਦੀ ਭੂਮਿਕਾ ਪਹਿਲਾਂ ਵੀ ਵੱਖ-ਵੱਖ ਕਾਰਵਾਈਆਂ ਵਿੱਚ ਸਾਹਮਣੇ ਆਈ ਸੀ, ਜਿਸ ਵਿੱਚ ਦੋਸ਼ੀ ਸਤਨਾਮ 2010 ਦੇ ਆਈਈਡੀ ਅਤੇ ਆਰਡੀਐਕਸ ਬਰਾਮਦਗੀ ਕੇਸ ਵਿੱਚ ਸ਼ਾਮਲ ਪਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਦੋ ਆਰਪੀਜੀ ਸਮੇਤ ਇੱਕ ਲਾਂਚਰ ਤੋਂ ਇਲਾਵਾ, ਪੁਲਿਸ ਟੀਮਾਂ ਨੇ 2.5-2.5 ਕਿਲੋ ਵਜ਼ਨ ਦੇ ਦੋ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ), ਡੈਟੋਨੇਟਰ ਸਮੇਤ ਦੋ ਹੈਂਡ ਗ੍ਰਨੇਡ, ਰਿਮੋਟ ਕੰਟਰੋਲ ਡਿਵਾਈਸ ਸਮੇਤ 2 ਕਿਲੋ ਆਰਡੀਐਕਸ, ਪੰਜ ਪਿਸਤੌਲ- ਜਿਸ ਵਿੱਚ ਬੇਰੇਟਾ ਅਤੇ ਗਲੌਕ ਸ਼ਾਮਲ ਹਨ, ਸਮੇਤ ਛੇ ਮੈਗਜ਼ੀਨ ਅਤੇ 44 ਕਾਰਤੂਸ ਅਤੇ ਇੱਕ ਵਾਇਰਲੈੱਸ ਸੈੱਟ ਵੀ ਬਰਾਮਦ ਕੀਤਾ ਹੈ , ਇਸ ਤੋਂ ਇਲਾਵਾ ਉਨ੍ਹਾਂ ਦੇ ਤਿੰਨ ਵਾਹਨ ਵੀ ਜ਼ਬਤ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਮਾਡਿਊਲਾਂ ਦਾ ਪਰਦਾਫਾਸ਼ ਕਰਕੇ, ਪੰਜਾਬ ਪੁਲਿਸ ਨੇ ਸਰਹੱਦੀ ਰਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਪਾਕਿ-ਆਈਐਸਆਈ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਪਹਿਲੇ ਮਾਡਿਊਲ ਸਬੰਧੀ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਜਲੰਧਰ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਖੁਫੀਆ ਜਾਣਕਾਰੀ ‘ਤੇ ਅਧਾਰਤ ਇਸ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਹੁਸ਼ਿਆਰਪੁਰ ਦੇ ਬਸਤੀ ਅੰਮ੍ਰਿਤਸਰੀਆਂ ਦੇ ਜਗਰੂਪ ਸਿੰਘ, ਕਪੂਰਥਲਾ ਦੇ ਦਬੁਰਜੀ ਦੇ ਜਤਿੰਦਰ ਸਿੰਘ ਉਰਫ ਹਨੀ ,ਧਰਮਕੋਟ ਹੁਸ਼ਿਆਰਪੁਰ ਦੇ ਹਰਪ੍ਰੀਤ ਸਿੰਘ ਅਤੇ ਕਪੂਰਥਲਾ ਦੇ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋਸ਼ੀ ਫਰਾਂਸ ਸਥਿਤ ਸਤਨਾਮ ਸੱਤਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਉਕਤ ਦੋਸ਼ੀਆਂ ਵੱਲੋਂ ਅੰਜ਼ਾਮ ਦਿੱਤੇ ਗਏ ਪਿਛਲੇ ਅਪਰਾਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਜਾਰੀ ਹੈ।
ਦੂਜੇ ਮਾਡਿਊਲ ਸਬੰਧੀ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੈਲ ਕਾਸਿਮ ਮੀਰ ਨੇ ਕਿਹਾ ਕਿ ਖੁਫੀਆ ਜਾਣਕਾਰੀ ‘ਤੇ ਅਧਾਰਤ ਹਫ਼ਤਾ ਭਰ ਚੱਲੇ ਇਸ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਇੱਕ 17 ਸਾਲਾ ਨਾਬਾਲਗ ਸਮੇਤ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਬਾਲਗ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਹੋਰ ਅੱਠ ਵਿਅਕਤੀਆਂ ਦੀ ਪਛਾਣ ਪਵਨਪ੍ਰੀਤ ਸਿੰਘ, ਬਲਬੀਰ ਕੁਮਾਰ ਉਰਫ਼ ਵਰੁਣ, ਗੋਮਜੀ ਉਰਫ਼ ਗੋਟਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ, ਅਜੈਪਾਲ ਸਿੰਘ, ਰਾਹੁਲ ਉਰਫ਼ ਭਈਆ ਅਤੇ ਜੋਹਨਸਨ, ਸਾਰੇ ਵਾਸੀ ਬਟਾਲਾ ਅਤੇ ਕਪੂਰਥਲਾ ਦੇ ਜਤਿੰਦਰ ਵਜੋਂ ਹੋਈ ਹੈ।
ਐਸਐਸਪੀ ਨੇ ਕਿਹਾ ਕਿ ਪ੍ਰਾਪਤ ਹੋਏ ਵੱਖ-ਵੱਖ ਸੁਰਾਗਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਦੀ ਉਮੀਦ ਹੈ।
ਇਸ ਸਬੰਧੀ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕ੍ਰਮਵਾਰ ਪੁਲਿਸ ਸਟੇਸ਼ਨ ਐਸਐਸਓਸੀ ਅੰਮ੍ਰਿਤਸਰ ਅਤੇ ਬਟਾਲਾ ਵਿਖੇ ਦੋ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
Published on: ਅਪ੍ਰੈਲ 19, 2025 10:17 ਬਾਃ ਦੁਃ