ਮੋਰਿੰਡਾ 19 ਅਪ੍ਰੈਲ ( ਭਟੋਆ )
ਪੰਜਾਬ ਪੁਲਿਸ ਪ੍ਰਮੁੱਖ ਵੱਲੋ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਦਿਤੀਆਂ ਹਦਾਇਤਾਂ ਤੇ ਅਮਲ ਕਰਦਿਆਂ ਅਤੇ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਦੀ ਰਹਿਨੁਮਾਈ ਹੇਠ ਸ੍ਰੀ ਜਤਿੰਦਰ ਪਾਲ ਸਿੰਘ ਮੱਲੀ ਡੀਐਸਪੀ ਮੋਰਿੰਡਾ ਦੀ ਅਗਵਾਈ ਹੇਠ ਮੋਰਿੰਡਾ ਪੁਲੀਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ‘ਕੋਰਡੇਨ ਐਂਡ ਸਰਚ ਆਪ੍ਰੇਸ਼ਨ” ( ਕਾਸੋ) ਅਧੀਨ ਮੋਰਿੰਡਾ ਦੇ ਬੱਸ ਸਟੈਂਡ ਤੇ ਸ਼ਹਿਰ ਦੇ ਵਾਰਡ ਨੰਬਰ 10, ਅਤੇ ਸੰਤ ਨਗਰ, ਬੰਗਾਲਾ ਬਸਤੀ ਵਿੱਚ ਸ਼ੱਕੀ ਵਿਅਕਤੀਆਂ ਸਬੰਧੀ ਤਲਾਸ਼ੀ ਕੀਤੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਜਿੰਦਰ ਸਿੰਘ ਐਸਐਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਉੱਚ ਪੁਲਿਸ ਅਧਿਕਾਰੀਆਂ ਦੇ ਹੁਕਮਾਂ ਤਹਿਤ ਇਸ ਅਪ੍ਰੇਸ਼ਨ ਅਧੀਨ ਪਹਿਲਾਂ ਤੋਂ ਹੀ ਨਸ਼ਿਆਂ ਦੇ ਮਾਮਲੇ ਵਿੱਚ ਸ਼ਾਮਿਲ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਪੁਲਿਸ ਪਾਰਟੀਆਂ ਵੱਲੋ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ। ਇਸ ਅਪਰੇਸ਼ਨ ਤਹਿਤ ਵੱਖ-ਵੱਖ ਪੁਲਿਸ ਟੀਮਾਂ ਵੱਲੋਂ । ਬੱਸ ਸਟੈਂਡ ਅਤੇ ਇਸ ਦੇ ਨੇੜੇ ਬੰਗਾਲਾ ਬਸਤੀ ਦੀ ਬਰੀਕੀ ਨਾਲ ਤਲਾਸ਼ੀ ਕੀਤੀ ਗਈ ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਿਸ ਵੱਲੋਂ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਰੇਲਵੇ ਸਟੇਸ਼ਨ ਹੋਟਲਾਂ ਰੈਸਟੋਰੈਂਟਾਂ ਧਰਮਸ਼ਾਲਾਵਾਂ ਅਤੇ ਹੋਰ ਜਨਤਕ ਤੇ ਸੰਵੇਦਨਸ਼ੀਲ ਥਾਵਾਂ ਤੇ ਇਹ ਮੁਹਿੰਮ ਜਾਰੀ ਰੱਖੀ ਜਾਵੇਗੀ ਉਹਨਾਂ ਦੱਸਿਆ ਕਿ ਇਸ ਓਪਰੇਸ਼ਨ ਦੌਰਾਨਕਿਸੇ ਵੀ ਤਰਾਂ ਦਾ ਕੋਈ ਨਸ਼ੀਲਾ ਪਦਾਰਥ ਪ੍ਰਾਪਤ ਨਹੀ ਹੋਇਆ ।
ਇਸੇ ਦੌਰਾਨ ਸ੍ਰੀ ਜਤਿੰਦਰ ਪਾਲ ਸਿੰਘ ਮੱਲੀ ਡੀਐਸਪੀ ਮੋਰਿੰਡਾ ਨੇ ਸ਼ਰਾਰਤੀ ਅਨਸਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਇਹ ਧੰਦਾ ਛੱਡਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਜਲਦੀ ਹੀ ਕਾਰੋਬਾਰ ਤੋਂ ਪਿੱਛੇ ਹਟ ਜਾਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਦੋਨੋਂ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਫੜੇ ਜਾਣ ਵਾਲੇ ਨਸ਼ਾ ਤਸਕਰਾਂ ਨੂੰ ਸਜਾ ਦੇ ਨਾਲ ਨਾਲ ਨਸ਼ਾ ਤਸਕਰੀ ਕਰਕੇ ਬਣਾਈ ਗਈ ਜਾਇਦਾਦ ਨੂੰ ਵੀ ਜਬਤ ਕਰਕੇ ਨਸ਼ਟ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਉਣ ਲਈ ਪੁਲਿਸ ਦਾ ਸਹਿਯੋਗ ਦੇਣ ਲਈ ਵੀ ਕਿਹਾ ।
ਇਸ ਮੁਹਿੰਮ ਵਿੱਚ ਹੋਰਨਾਂ ਤੋਂ ਬਿਨਾਂ ਏਐਸਆਈ ਅੰਗਰੇਜ ਸਿੰਘ, ਏਐਸਆਈ ਬੂਟਾ ਸਿੰਘ, ਏਐਸਆਈ ਵਿਸ਼ਾਲ ਕੁਮਾਰ, ਏਐਸਆਈ ਸ਼ਾਮ ਲਾਲ , ਮੁਨਸ਼ੀ ਰਵਿੰਦਰ ਸਿੰਘ, ਕਾਂਸਟੇਬਲ ਸੁਰਿੰਦਰ ਸਿੰਘ ਅਤੇ ਹੌਲਦਾਰ ਪ੍ਰਿਤਪਾਲ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜਰ ਸਨ।
Published on: ਅਪ੍ਰੈਲ 19, 2025 4:04 ਬਾਃ ਦੁਃ