ਐਸ.ਏ.ਐਸ. ਨਗਰ: 20 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿਚ ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਨੂੰ ਸਰਕਾਰ ਦੀ ਅਣਗਹਿਲੀ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਪੇਸ਼ਬੰਦੀਆਂ ਕਰਨ ਦੇ ਨਾਲ ਨਾਲ ਪੀੜਤ ਕਿਸਾਨਾਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦੇਵੇ।
ਸ਼੍ਰੀ ਸਿੱਧੂ ਨੇ ਕਿਹਾ ਕਿ ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਬਹੁਤੀਆਂ ਘਟਨਾਵਾਂ ਬਿਜਲੀ ਦੀਆਂ ਤਾਰਾਂ ਤੋਂ ਪੈਦਾ ਹੁੰਦੀਆਂ ਚੰਗਿਆੜੀਆਂ ਕਾਰਨ ਇਸ ਵਾਪਰ ਰਹੀਆਂ ਹਨ ਕਿਉਂਕਿ ਨਾ ਤਾਂ ਸਮੇਂ-ਸਮੇਂ ਸਿਰ ਇਹਨਾਂ ਤਾਰਾਂ ਦੀ ਜਾਂਚ ਕੀਤੀ ਜਾ ਰਹੀਆਂ ਹੈ ਅਤੇ ਨਾ ਹੀ ਲੋਂੜੀਦੇ ਰੱਖ-ਰਖਾਉ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਰਾਜ ਬਿਜਲੀ ਨਿਗਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਅਤੇ ਕਈ ਡਾਇਰੈਕਰਾਂ ਦੀਆਂ ਅਸਾਮੀਆਂ ਲੰਬੇ ਸਮੇਂ ਤੋਂ ਖ਼ਾਲੀ ਹੋਣ ਕਾਰਨ ਬਿਜਲੀ ਨਿਗਮ ਦਾ ਸਮੁੱਚਾ ਕੰਮ-ਕਾਜ ਲੜਖੜਾਇਆ ਪਿਆ ਹੈ। ਉਹਨਾਂ ਕਿਹਾ ਕਿ ਬਿਜਲੀ ਨਿਗਮ ਦਾ ਕੋਈ ਵਾਲੀ-ਵਾਰਸ ਨਾ ਹੋਣਾ ਵੀ ਅੱਗ ਲੱਗਣ ਦੀਆਂ ਘਟਨਾਵਾਂ ਦਾ ਇੱਕ ਕਾਰਨ ਹੈ ਕਿਉਂਕਿ ਕੋਈ ਫੀਲਡ ਮੁਲਾਜ਼ਮਾਂ ਦੀ ਜਵਾਬਦੇਹੀ ਕਰਨ ਵਾਲਾ ਹੀ ਨਹੀਂ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਜੇ ਸਰਕਾਰ ਦੇ ਸਬੰਧਤ ਵਿਭਾਗ ਮੌਸਮ ਵਿਭਾਗ ਵਲੋਂ ਦਿੱਤੀ ਜਾਂਦੀ ਹਨੇਰੀ-ਝੱਖੜ ਦੀ ਅਗਾਊਂ ਚਿਤਾਵਨੀ ਨੂੰ ਧਿਆਨ ਵਿਚ ਰੱਖਦਿਆਂ ਸਮੇਂ ਸਿਰ ਢੁਕਵੇਂ ਕਦਮ ਚੁੱਕਦੇ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਕੋਈ ਆਪਸੀ ਤਾਲਮੇਲ ਹੀ ਨਹੀਂ ਹੈ ਜਿਸ ਦਾ ਖ਼ਮਿਆਜਾ ਆਮ ਲੋਕ ਭੁਗਤ ਰਹੇ ਹਨ। ਉਹਨਾਂ ਹੋਰ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਪੱਕੀ ਕਣਕ ਸੜ ਕੇ ਸੁਆਹ ਹੋ ਗਈ ਹੈ ਉਹਨਾਂ ਨੂੰ ਮੁੱਖ ਮੰਤਰੀ ਸਰਕਾਰ ਬਣਨ ਤੋਂ ਬਾਅਦ ਮਾਨਸਾ ਵਿਚ ਕੀਤੇ ਆਪਣੇ ਪਹਿਲੇ ਵਾਅਦੇ ਅਨੁਸਾਰ ਬਿਨਾਂ ਗਿਰਦਾਵਰੀ ਕਰਾਏ ਤੁਰੰਤ ਢੁੱਕਵਾਂ ਮੁਆਵਜ਼ਾ ਦੇਣ।
ਸ਼੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਗੱਲ ਛੱਡੋ ਜੋ ਅੱਜ ਕੱਲ ਵਿਆਹਾਂ ਵਿਚ ਨੱਚਣ-ਟੱਪਣ ਵਿਚ ਮਸ਼ਰੂਫ਼ ਹਨ, ਪੰਜਾਬ ਦਾ ਕੋਈ ਮੰਤਰੀ ਵੀ ਪੀੜਤ ਕਿਸਾਨਾਂ ਦੀ ਸਾਰ ਲੈਣ ਨਹੀਂ ਗਿਆ। ਉਹਨਾਂ ਕਿਹਾ ਕਿ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਿਨਾਂ ਝੱਖੜ ਨਾਲ ਸੰਗਰੂਰ ਇਲਾਕੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਿਨਾਂ ਮਕਾਨ ਤੇ ਮੁਰਗੀਖਾਨਾ ਵੀ ਢਹਿ ਢੇਰੀ ਹੋਏ ਹਨ, ਪਰ ਅਜੇ ਤੱਕ ਕਿਸੇ ਨੇ ਪੀੜਤ ਪਰਿਵਾਰਾਂ ਦੀ ਬਾਤ ਨਹੀਂ ਪੁੱਛੀ।
Published on: ਅਪ੍ਰੈਲ 20, 2025 9:32 ਬਾਃ ਦੁਃ