ਅੰਮ੍ਰਿਤਸਰ, 22 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਟੀਮ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੁਰੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕੁੱਲ 5 ਨਾਜਾਇਜ਼ ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਅਮਰੀਕਾ ਤੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਲੁਧਿਆਣਾ ਦੇ ਗੁਰਵਿੰਦਰ ਸਿੰਘ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 5 ਨਜਾਇਜ਼ ਪਿਸਤੌਲ ਬਰਾਮਦ ਕੀਤੇ ਗਏ ਹਨ।
ਡੀਜੀਪੀ ਯਾਦਵ ਨੇ ਦੱਸਿਆ ਕਿ ਗੁਰੀ ਉੱਥੇ ਗੁਰਲਾਲ ਸਿੰਘ ਅਤੇ ਵਿਪੁਲ ਸ਼ਰਮਾ ਦੇ ਨਿਰਦੇਸ਼ਾਂ ‘ਤੇ ਉਥੇ ਕੰਮ ਕਰ ਰਿਹਾ ਸੀ। ਦੋਵੇਂ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੇ ਹਨ। ਜੋ ਇਸ ਨੈੱਟਵਰਕ ਦੇ ਮੁੱਖ ਆਪਰੇਟਰ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਵਿੰਦਰ ਸਿੰਘ, ਹਰਦੀਪ ਸਿੰਘ ਦਾ ਸਾਲਾ ਹੈ। ਜੋ ਇੱਕ ਵੱਡਾ ਨਸ਼ਾ ਤਸਕਰੀ ਗਰੋਹ ਚਲਾਉਂਦਾ ਸੀ। ਉਹ 2020 ਦੇ ਐਸਟੀਐਫ ਕੇਸ ਵਿੱਚ ਗ੍ਰਿਫਤਾਰ ਹੋਣ ਤੋਂ ਬਾਅਦ 2022 ਵਿੱਚ ਅਮਰੀਕਾ ਭੱਜ ਗਿਆ ਸੀ। ਇਸ ਸਬੰਧੀ ਥਾਣਾ ਸਦਰ ਅੰਮ੍ਰਿਤਸਰ ਵਿਖੇ ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕੀਤੀ ਗਈ ਹੈ।
Published on: ਅਪ੍ਰੈਲ 22, 2025 12:42 ਬਾਃ ਦੁਃ