WhatsApp ਚੈਟ ਲੀਕ, MP ਅੰਮ੍ਰਿਤਪਾਲ ਦੇ 25-30 ਸਮਰਥਕਾਂ ਖਿਲਾਫ FIR ਦਰਜ
ਚੰਡੀਗੜ੍ਹ, 22 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੱਤਿਆ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਖਾਲਿਸਤਾਨ ਸਮਰਥਕ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਸਮਰਥਕ ਇਸ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ, ਇਸ ਤੋਂ ਪਹਿਲਾਂ ਕਿ ਉਹ ਅਪਰਾਧ ਨੂੰ ਅੰਜਾਮ ਦਿੰਦੇ, ਵਟਸਐਪ ਗਰੁੱਪ ਚੈਟ ਲੀਕ ਹੋ ਗਈ। ਇਹ ਵਟਸਐਪ ਗਰੁੱਪ ‘ਵਾਰਿਸ ਪੰਜਾਬ ਦੇ’ ਅਤੇ ‘ਅਕਾਲੀ ਦਲ ਮੋਗਾ ਜਥੇਬੰਦੀ’ ਦੇ ਨਾਂ ‘ਤੇ ਬਣਾਏ ਗਏ ਸਨ।
ਉਨ੍ਹਾਂ ਦੀ ਹਿੱਟ ਲਿਸਟ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਸਨ। ਅੰਮ੍ਰਿਤਪਾਲ ਦੇ ਸਮਰਥਕ ਉਸ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੇ ਵਾਧੇ ਨੂੰ ਲੈ ਕੇ ਨਾਰਾਜ਼ ਸਨ। ਇਸੇ ਕਾਰਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਇਸ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਮੋਗਾ ‘ਚ ਅੰਮ੍ਰਿਤਪਾਲ ਦੇ 25 ਤੋਂ 30 ਸਮਰਥਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ ਜਿਸ ਤੋਂ ਬਾਅਦ 2 ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਬਲਕਾਰ ਸਿੰਘ ਵਾਸੀ ਨਿਊ ਮਾਡਲ ਟਾਊਨ, ਖੰਨਾ, ਲੁਧਿਆਣਾ ਅਤੇ ਦੂਜਾ ਮੋਗਾ ਦਾ ਰਹਿਣ ਵਾਲਾ ਨਾਬਾਲਗ ਹੈ।
ਇਹ ਸਾਰੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗਰੁੱਪ ਨਾਲ ਜੁੜੇ ਹੋਏ ਸਨ। ਮੋਗਾ ਰੇਂਜ ਦੇ ਡੀਆਈਜੀ ਅਸ਼ਵਨੀ ਕਪੂਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
Published on: ਅਪ੍ਰੈਲ 22, 2025 1:57 ਬਾਃ ਦੁਃ