ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਮਾਰੀ ਬਾਜ਼ੀ:  260 ਵਿਦਿਆਰਥੀਆਂ ਵੱਲੋਂ ਜੇ.ਈ.ਈ. (ਮੇਨਜ਼) ਪ੍ਰੀਖਿਆ ਪਾਸ

ਪੰਜਾਬ


ਚੰਡੀਗੜ੍ਹ, 23 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ 260 ਵਿਦਿਆਰਥੀਆਂ ਨੇ ਵੱਕਾਰੀ ਜੇ.ਈ.ਈ. (ਮੇਨਜ਼) ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਦੀ ਗਵਾਹੀ ਭਰਦੀ ਹੈ।

ਇੱਥੇ ਪੰਜਾਬ ਭਵਨ ਵਿਖੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਵਿਦਿਆਰਥੀ ਹੁਣ ਜੇ.ਈ.ਈ. (ਐਡਵਾਂਸਡ) ਪ੍ਰੀਖਿਆ ਵਿੱਚ ਬੈਠਣਗੇ। ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਨੂੰ ਦੇਖਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਲਈ ਜੇ.ਈ.ਈ. (ਐਡਵਾਂਸਡ) ਪ੍ਰੀਖਿਆ ਦੀ ਤਿਆਰੀ ਵਾਸਤੇ ਐਸ.ਏ.ਐਸ. ਨਗਰ ਵਿਖੇ ਸਮਰ ਕੈਂਪ ਲਗਾ ਕੇ ਮੁਫ਼ਤ ਕੋਚਿੰਗ ਕਲਾਸਾਂ ਦਾ ਪ੍ਰਬੰਧ ਕੀਤਾ ਹੈ।

ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਸਫ਼ਲਤਾ ਨਾ ਸਿਰਫ਼ ਵਿਦਿਆਰਥੀਆਂ ਦੀ ਸਗੋਂ ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਵੀ ਪ੍ਰਮਾਣ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ਲਈ ਉਪਲਬਧ ਬੁਨਿਆਦੀ ਢਾਂਚੇ ਅਤੇ ਸਰੋਤਾਂ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਠੋਸ ਯਤਨ ਕਰ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਹੋਰ ਵਧੀਆ ਪ੍ਰਦਰਸ਼ਨ ਕਰ ਸਕਣ।

ਸਿੱਖਿਆ ਮੰਤਰੀ ਨੇ ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਆਫ਼ ਐਮੀਨੈਂਸ, ਸਮਾਣਾ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਵੀ ਸਾਂਝੀ ਕੀਤੀ, ਜਿਸਨੇ ਜੇ.ਈ.ਈ. (ਮੇਨਜ਼) ਕੁਆਲੀਫਾਈ ਕਰਕੇ ਆਪਣੀਆਂ ਮੁਸ਼ਕਲਾਂ ਨੂੰ ਉਮੀਦਾਂ ਵਿੱਚ ਬਦਲ ਦਿੱਤਾ ਹੈ। ਪਟਿਆਲਾ ਜ਼ਿਲ੍ਹੇ ਦੇ ਵਾਸੀ ਅਰਸ਼ਦੀਪ ਨੇ ਜੇ.ਈ.ਈ. (ਮੇਨਜ਼) ਵਿੱਚ ਬਹੁਤ ਵਧੀਆ 97.79 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਆਪਣੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਉਪਰੰਤ ਅਰਸ਼ਦੀਪ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਸੀ। ਉਸਦੀ ਮਾਂ ਸੁਨੀਤਾ ਰਾਣੀ ਇੱਕ ਸਥਾਨਕ ਪ੍ਰਾਈਵੇਟ ਸਕੂਲ ਵਿੱਚ ਅਣਥੱਕ ਮਿਹਨਤ ਕਰਕੇ ਸਾਲਾਨਾ ਇੱਕ ਲੱਖ ਤੋਂ ਘੱਟ ਆਮਦਨ ‘ਚ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ। ਅਨੇਕਾਂ ਵਿੱਤੀ ਔਕੜਾਂ ਦੇ ਬਾਵਜੂਦ, ਉਸਨੇ ਅਰਸ਼ਦੀਪ ਵਿੱਚ ਸਿੱਖਿਆ, ਸਖ਼ਤ ਮਿਹਨਤ ਅਤੇ ਕਦੇ ਵੀ ਹਾਰ ਨਾ ਮੰਨਣ ਦਾ ਜਜ਼ਬਾ ਭਰਿਆ।

ਉਨ੍ਹਾਂ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਅਤੇ “ਪੇਸ” ਪ੍ਰੋਗਰਾਮ ਰਾਹੀਂ ਮਿਲੇ ਸਮਰਥਨ ਸਦਕਾ ਅਰਸ਼ਦੀਪ ਨੂੰ ਬਹੁਤ ਲਾਭ ਹੋਇਆ। ਇਹਨਾਂ ਪਹਿਲਕਦਮੀਆਂ ਨਾਲ ਉਸਦਾ ਸਿਰਫ਼ ਅਕਾਦਮਿਕ ਮਾਰਗਦਰਸ਼ਨ ਹੀ ਨਹੀਂ ਹੋਇਆ, ਸਗੋਂ ਉਸਨੂੰ ਵੱਡੇ ਸੁਪਨੇ ਦੇਖਣ ਦਾ ਹੌਂਸਲਾ ਵੀ ਮਿਲਿਆ। ਹੁਣ ਉਹ ਆਪਣੇ ਪਰਿਵਾਰ ਲਈ ਇੱਕ ਬਿਹਤਰ ਭਵਿੱਖ ਸਿਰਜਣ ਅਤੇ ਸਮਾਜ ਲਈ ਕੁਝ ਕਰ ਗੁਜ਼ਰਨ ਲਈ ਤਤਪਰ ਹੈ।

Published on: ਅਪ੍ਰੈਲ 23, 2025 8:19 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।