ਚੰਡੀਗੜ੍ਹ, 24 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਨੇ ਦੱਸਿਆ ਹੈ ਕਿ ਸੂਬੇ ਭਰ ਵਿੱਚ ਹੁਣ ਤੱਕ ਕੁੱਲ 230 ਬੂਥ ਲੈਵਲ ਏਜੰਟ-1 (BLA-1) ਨਿਯੁਕਤ ਕੀਤੇ ਗਏ ਹਨ, ਜੋ ਕਿ ਆਉਣ ਵਾਲੀਆਂ ਚੋਣਾਂ ਲਈ ਪਾਰਦਰਸ਼ਤਾ ਅਤੇ ਤਿਆਰੀ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ।
ਬੂਥ ਲੈਵਲ ਏਜੰਟ ਚੋਣ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਰਾਜਨੀਤਿਕ ਪਾਰਟੀਆਂ ਅਤੇ ਬੂਥ-ਪੱਧਰ ਦੀ ਚੋਣ ਮਸ਼ੀਨਰੀ ਵਿਚਕਾਰ ਸਿੱਧੇ ਸਬੰਧ ਵਜੋਂ ਕੰਮ ਕਰਦੇ ਹਨ, ਵੋਟਰ ਸੂਚੀਆਂ ਦੀ ਤਸਦੀਕ ਵਿੱਚ ਸਹਾਇਤਾ ਕਰਦੇ ਹਨ, ਲੋੜ ਪੈਣ ‘ਤੇ ਇਤਰਾਜ਼ ਉਠਾਉਂਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਪੋਲਿੰਗ ਪ੍ਰਕਿਰਿਆ ਨਿਰਪੱਖ ਅਤੇ ਕੁਸ਼ਲਤਾ ਨਾਲ ਚਲਾਈ ਜਾ ਰਹੀ ਹੈ।
ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦੇ ਹੋਏ, ਪੰਜਾਬ ਦੇ ਮੁੱਖ ਚੋਣ ਅਧਿਕਾਰੀ, ਸਿਬਿਨ ਸੀ, ਨੇ ਕਿਹਾ, “ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕਰਦੇ ਹਾਂ। ਵੋਟਰ ਸੂਚੀਆਂ ਦੀ ਅਖੰਡਤਾ ਅਤੇ ਚੋਣ ਪ੍ਰਕਿਰਿਆ ਦੀ ਸਮੁੱਚੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਉਹਨਾਂ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ। ਇੱਕ ਚੰਗੀ ਤਰ੍ਹਾਂ ਜਾਣੂ ਬੀ.ਐਲ.ਏ. ਲੋਕਤੰਤਰ ਨੂੰ ਮਜ਼ਬੂਤ ਕਰਦਾ ਹੈ।”
ਜ਼ਿਕਰਯੋਗ ਹੈ ਕਿ ਬੂਥ ਪੱਧਰੀ ਏਜੰਟ ਦੀ ਨਿਯੁਕਤੀ ਜ਼ਿਲ੍ਹਾ ਪੱਧਰ ‘ਤੇ ਕੀਤੀ ਜਾਂਦੀ ਹੈ ਅਤੇ ਇਹ ਹਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਲਈ ਇਸਦੇ ਪ੍ਰਧਾਨ ਜਾਂ ਸਕੱਤਰ ਜਾਂ ਕਿਸੇ ਹੋਰ ਅਹੁਦੇਦਾਰ ਦੁਆਰਾ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਇੱਕ ਜ਼ਿਲ੍ਹਾ ਪ੍ਰਤੀਨਿਧੀ ਨੂੰ ਅਧਿਕਾਰਤ ਕਰਨਾ ਲਾਜ਼ਮੀ ਹੈ। ਹਰੇਕ ਬੀਐਲਏ-1 ਬੂਥ ਪੱਧਰ ‘ਤੇ ਬੀਐਲਏ-2 ਦੀ ਨਿਯੁਕਤੀ ਲਈ ਲਈ ਜ਼ਿੰਮੇਵਾਰ ਹੈ ਤਾਂ ਜੋ, ਜ਼ਮੀਨੀ ਪੱਧਰ ਦੀ ਨਿਗਰਾਨੀ ਅਤੇ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਸੀ.ਈ.ਓ. ਪੰਜਾਬ ਦਾ ਦਫ਼ਤਰ ਬੀ.ਐੱਲ.ਏ. ਦੀ ਸਮੇਂ ਸਿਰ ਨਿਯੁਕਤੀ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰ ਰਿਹਾ ਹੈ। ਪਾਰਟੀਆਂ ਨੂੰ ਬੂਥ ਲੈਵਲ ਅਫਸਰਾਂ ਨਾਲ ਸਹਿਯੋਗ ਦੀ ਸਹੂਲਤ, ਵੋਟਰ ਜਾਗਰੂਕਤਾ ਦਾ ਸਮਰਥਨ ਕਰਨ ਅਤੇ ਰਾਜ ਭਰ ਵਿੱਚ ਵੋਟਾਂ ਦੇ ਸ਼ੁੱਧੀਕਰਨ ਅਤੇ ਤਸਦੀਕ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਬਾਕੀ ਰਹਿੰਦੀਆਂ ਨਿਯੁਕਤੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
Published on: ਅਪ੍ਰੈਲ 24, 2025 8:41 ਬਾਃ ਦੁਃ