ਪਾਸਟਰ ਵਲੋਂ ਲੜਕੀ ਨਾਲ ਰੇਪ, ਨਜਾਇਜ਼ ਅਬੌਰਸ਼ਨ, ਲੜਕੀ ਦੀ ਮੌਤ

ਪੰਜਾਬ

ਪੀੜਤ ਪਿਤਾ ਉਤੇ SHO ਵੱਲੋਂ ਧਮਕਾ ਕੇ ਸਮਝੌਤਾ ਕਰਨ ਦਾ ਦਬਾਅ, ਸੁਰੱਖਿਆ ਲਈ ਪਰਿਵਾਰ ਨੇ ਛੱਡਿਆ ਸ਼ਹਿਰ

ਮੁੱਖ ਮੰਤਰੀ ਅਤੇ ਡੀਜੀਪੀ ਤੋਂ ਇਨਸਾਫ ਦੀ ਮੰਗ

ਮੋਹਾਲੀ, 24 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਪੰਜਾਬ ਵਿਚ ਬੀਤੇ ਕੁਝ ਮਹੀਨਿਆਂ ਦੌਰਾਨ ਪਾਦਰੀਆਂ ਵੱਲੋਂ ਕਥਿਤ ਧਰਮ ਪ੍ਰਚਾਰ ਦੇ ਨਾਮ ਉਤੇ ਲੋਕਾਂ ਨੂੰ ਵਰਗਲਾਉਣ ਅਤੇ ਖਾਸ ਕਰਕੇ ਭੋਲੀਆਂ-ਭਾਲੀਆਂ ਲੜਕੀਆਂ ਨੂੰ ਫੁਸਲਾ ਕੇ ਉਹਨਾਂ ਨਾਲ ਜ਼ਬਰ ਜਿਨਾਹ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਪਹਿਲਾਂ ਬਜਿੰਦਰ ਪਾਸਟਰ ਅਤੇ ਜਸ਼ਨ ਗਿੱਲ ਪਾਸਟਰ ਵਿਰੁੱਧ ਕੇਸ ਦਰਜ ਹੋ ਕੇ ਉਹਨਾਂ ਦੀ ਅਸਲ ਅਸਲੀਅਤ ਲੋਕਾਂ ਸਾਹਮਣੇ ਆ ਚੁੱਕੀ ਹੈ। ਅਜਿਹਾ ਹੀ ਇਕ ਹੋਰ ਜ਼ਬਰ ਜਿਨਾਹ ਤੋਂ ਬਾਅਦ ਲੜਕੀ ਦੀ ਮੌਤ ਦਾ ਮਾਮਲਾ ਗਰਮਾਇਆ ਹੋਇਆ ਹੈ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੀੜ੍ਹਤ ਲੜਕੀ ਦੇ ਪਿਤਾ ਵਿਕਰਮ ਮਸੀਹ ਅਤੇ ਸਮਾਜ ਸੇਵੀ ਸਿਮਰਨਜੀਤ ਸਿੰਘ ਵੱਲੋਂ ਆਪਣੀ ਵਿੱਥਿਆ ਸੁਣਾਉਂਦਿਆਂ ਦੱਸਿਆ ਕਿ ਉਹ ਪਿੰਡ ਅੱਬਲਖੈਰ ਜ਼ਿਲ੍ਹਾ ਗੁਰਦਾਸਪੁਰ ਦਾ ਵਾਸੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਾਸਟਰ ਜਸ਼ਨ ਗਿੱਲ ਦੇ ਅੱਬਲਖੈਰ ਸਥਿਤ ਡੇਰੇ ਵਿਚ ਧਾਰਮਿਕ ਆਸਥਾ ਕਰਕੇ ਜਾਣਾ ਸ਼ੁਰੂ ਕੀਤਾ। ਇਸ ਦੌਰਾਨ ਉਹਨਾਂ ਦੀ 21 ਸਾਲਾ ਲੜਕੀ, ਜੋ ਕਿ ਬੀਸੀਏ ਦੀ ਵਿਦਿਆਰਥਣ ਸੀ, ਨੂੰ ਵਰਗਲਾ ਕੇ ਲੜਕੀ ਨਾਲ ਜਿਸਮਾਨੀ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਲੜਕੀ ਗਰਭਵਤੀ ਹੋ ਗਈ। ਇਹ ਜਾਣਕਾਰੀ ਮਿਲਣਸਾਰ ਹੀ ਪਾਸਟਰ ਜਸ਼ਨ ਗਿੱਲ ਵੱਲੋਂ ਚੁੱਪ-ਚੁਪੀਤੇ ਢੰਗ ਨਾਲ ਕਾਨੂੰਨ ਤੋਂ ਬਚਣ ਵਾਸਤੇ ਲੜਕੀ ਨੂੰ ਅਬੌਰਸ਼ਨ ਲਈ ਮਜਬੂਰ ਕੀਤਾ ਅਤੇ ਇਸ ਗੈਰਕਾਨੂੰਨੀ ਅਬੌਰਸ਼ਨ ਲਈ ਆਪੇ ਬਣੀ ਨਕਲੀ ਡਾਕਟਰ ਦੀ ਸਹਾਇਤਾ ਨਾਲ ਲੜਕੀ ਦਾ ਅਬੌਰਸ਼ਨ ਕਰਵਾ ਦਿੱਤਾ ਗਿਆ। ਜਲਦਬਾਜ਼ੀ ਵਿਚ ਇਕ ਅਨਟ੍ਰੇਂਡ ਡਾਕਟਰ ਵੱਲੋਂ ਕੀਤਾ ਗਿਆ ਇਹ ਅਬੌਰਸ਼ਨ ਜਾਨਲੇਵਾ ਸਾਬਤ ਹੋਇਆ। ਪਿਤਾ ਵਿਕਰਮ ਮਸੀਹ ਨੇ ਭਰੇ ਮਨ ਨਾਲ ਦੱਸਿਆ ਕਿ ਕੁਝ ਦਿਨਾਂ ਬਾਅਦ 2023 ਵਿਚ ਇਨਫੈਕਸ਼ਨ ਫੈਲਣ ਕਾਰਨ ਦਰਦ ਨਾਲ ਲੜਕੀ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਤੁਰੰਤ ਬਾਅਦ ਇਨਸਾਫ ਲੈਣ ਲਈ ਪੀੜ੍ਹਤ ਪਰਿਵਾਰ ਵੱਲੋਂ ਥਾਣਿਆਂ ਵਿਚ ਧੱਕੇ ਖਾਣ ਦਾ ਸਿਲਸਿਲਾ ਸ਼ੁਰੂ ਹੋਇਆ। ਨਜ਼ਦੀਕੀ ਥਾਣਾ ਦੀਨਾਨਗਰ ਵਿਖੇ ਪਾਸਟਰ ਜਸ਼ਨ ਗਿੱਲ ਖਿਲਾਫ਼ ਕੇਸ ਦਰਜ ਕਰਵਾਉਣ ਗਏ ਪਰਿਵਾਰ ਨੂੰ ਚੌਕੀ ਇੰਚਾਰਜ ਰਵਿੰਦਰ ਕੁਮਾਰ ਅਤੇ ਐਸਐਚਓ ਜਤਿੰਦਰ ਕੁਮਾਰ ਜੋਤੀ ਵੱਲੋਂ ਵਾਰ ਵਾਰ ਆਨਾਕਾਨੀ ਕੀਤੀ ਗਈ ਅਤੇ ਉਸ ਕੋਲੋਂ ਕੋਰੇ ਕਾਗਜ਼ ਉਤੇ ਦਸਤਖਤ ਕਰਵਾ ਕੇ ਵਾਰ-ਵਾਰ ਵਾਪਸ ਭੇਜਿਆ ਜਾਂਦਾ ਰਿਹਾ ਅਤੇ ਅੱਗੇ ਕੋਈ ਕਾਰਵਾਈ ਨਾ ਕੀਤੀ। ਆਖਰ ਵੱਧਦੇ ਦਬਾਅ ਕਾਰਨ ਕਰੀਬ 70 ਦਿਨਾਂ ਬਾਅਦ ਪੀੜ੍ਹਤ ਪਰਿਵਾਰ ਨੂੰ ਖੱਜਲ ਖੁਆਰ ਕਰਨ ਉਪਰੰਤ ਐਸਐਸਪੀ ਸਾਹਿਬ ਦੀ ਦਖਲਅੰਦਾਜ਼ੀ ਨਾਲ ਪਰਚਾ ਦਰਜ ਹੋਇਆ। ਪਰਚਾ ਦਰਜ ਹੋਣ ਦੀ ਖਾਸੀਅਤ ਇਹ ਰਹੀ ਕਿ ਨਜਾਇਜ਼ ਢੰਗ ਨਾਲ ਗਰਭਪਾਤ ਕਰਨ ਵਾਲੀ ਨਕਲੀ ਡਾਕਟਰ ਕੁਲਵੰਤ ਕੌਰ ਦੀ ਜਗ੍ਹਾ ਉਸਦੀ ਨੌਕਰਾਣੀ ਉਤੇ ਪਰਚਾ ਦਰਜ ਕਰ ਦਿੱਤਾ ਗਿਆ। ਹੁਣ ਪੀੜ੍ਹਤ ਪਰਿਵਾਰ ਫਿਰ ਥਾਣੇ ਦੇ ਚੱਕਰ ਕੱਟ ਕੇ ਇਹ ਗੁਹਾਰ ਲਾ ਰਿਹਾ ਹੈ ਕਿ ਅਬੌਰਸ਼ਨ ਕਰਨ ਵਾਲੀ ਨਕਲੀ ਡਾਕਟਰ ਉਤੇ ਵੀ ਮਾਮਲਾ ਦਰਜ ਕੀਤਾ ਜਾਵੇ। ਪਰੰਤੂ ਮੌਜੂਦਾ ਐਸਐਚਓ ਅੰਮ੍ਰਿਤਪਾਲ ਸਿੰਘ ਰੰਧਾਵਾ ਵੱਲੋਂ ਮਾਮਲਾ ਦਰਜ ਕਰਨ ਦੀ ਬਜਾਇ ਪੀੜ੍ਹਤਾਂ ਨਾਲ ਹੀ ਜ਼ਿਆਦਤੀ ਕੀਤੀ ਜਾ ਰਹੀ ਹੈ। ਐਸਐਚਓ ਵੱਲੋਂ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਪੀੜ੍ਹਤ ਪਰਿਵਾਰ ਨੂੰ ਘੰਟਿਆਂਬੱਧੀ ਥਾਣੇ ਵਿਚ ਬਿਠਾ ਕੇ ਰੱਖਿਆ ਜਾਂਦਾ ਹੈ, ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪੁਲਿਸ ਧਮਕੀਆਂ ਦੇ ਕਾਰਨ ਪੀੜ੍ਹਤ ਪਰਿਵਾਰ ਆਪਣਾ ਸ਼ਹਿਰ ਅਤੇ ਘਰ-ਬਾਰ ਛੱਡ ਕੇ ਇਨਸਾਫ ਲਈ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਟਕ ਰਿਹਾ ਹੈ। ਪੀੜ੍ਹਤ ਇਸ ਕਦਰ ਪੁਲਿਸ ਕੋਲੋਂ ਡਰੇ ਹੋਏ ਹਨ ਕਿ ਹੁਣ ਇਨਸਾਫ ਦੀ ਗੁਹਾਰ ਮੀਡੀਆ ਵਿਚ ਆ ਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਪੁਲਿਸ ਅੱਗੇ ਲਾ ਰਹੇ ਹਨ।

ਪੀੜ੍ਹਤ ਪਰਿਵਾਰ ਦੇ ਵਕੀਲ ਐਡਵੋਕੇਟ ਅਨਿਲ ਸਾਗਰ ਨੇ ਕਿਹਾ ਕਿ ਧਰਮ ਦੇ ਨਾਮ ਉਤੇ ਕਿਸੇ ਬੱਚੇ ਦਾ ਇਸ ਤਰੀਕੇ ਨਾਲ ਸ਼ੋਸ਼ਣ ਕਰਨਾ ਮਾਨਵਤਾ ਦਾ ਘੋਰ ਅਪਮਾਨ ਹੈ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਅਸੀਂ ਚੰਦ ਤੱਕ ਪਹੁੰਚ ਕਰ ਚੁੱਕੇ ਹਾਂ ਪਰ ਦੂਜੇ ਪਾਸੇ ਕੁਝ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੇ ਦਬਾਅ ਹੇਠ, ਲੋਕਾਂ ਨੂੰ ਇਨਸਾਫ ਦੇਣ ਵਾਲੀ ਪੁਲਿਸ ਖੁਦ ਇਨਸਾਫ ਦੇਣੋਂ ਮੁਨਕਰ ਹੈ।

ਇਸ ਦੌਰਾਨ ਇਸ ਕੇਸ ਵਿਚ ਇਕ ਪੰਜ ਮੈਂਬਰੀ ਸਿਟ ਦਾ ਵੀ ਗਠਨ ਕੀਤਾ ਗਿਆ ਹੈ, ਜੋ ਕਿ ਅੰਮ੍ਰਿਤਸਰ ਦੇ ਐਸਪੀ ਪੱਧਰ ਦੇ ਅਧਿਕਾਰੀ ਦੇ ਅਧੀਨ ਬਣੀ ਹੈ।

ਇਸ ਦੌਰਾਨ ਜਦੋਂ ਮਾਮਲੇ ਦੀ ਜਾਣਕਾਰੀ ਲੈਣ ਲਈ ਐਸਐਚਓ ਅੰਮ੍ਰਿਤਪਾਲ ਸਿੰਘ ਰੰਧਾਵਾ ਨੂੰ ਫੋਨ (90400-89000) ਉਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵਾਰ ਵਾਰ ਫੋਨ ਕਰਨ ਉਤੇ ਵੀ ਉਹਨਾਂ ਫੋਨ ਨਹੀਂ ਚੁੱਕਿਆ।

Published on: ਅਪ੍ਰੈਲ 24, 2025 10:26 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।