ਚੰਡੀਗੜ੍ਹ, 6 ਦਸੰਬਰ, ਦੇਸ਼ ਕਲਿਕ ਬਿਊਰੋ :
ਸ਼ਹਿਰ ਦੇ ਦੋ ਵੱਡੇ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਈਮੇਲ ਮਿਲਣ ਦੇ ਮਾਮਲੇ ਨੇ ਹੜਕੰਪ ਮਚਾ ਦਿੱਤਾ ਹੈ। ਇਸ ਸੁਚਨਾ ਤੋਂ ਬਾਅਦ ਪੁਲਿਸ ਅਤੇ ਬੰਬ ਸਕਵਾਇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਟੀਮ ਵੱਲੋਂ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਅਤੇ ਹੋਟਲ ਵਿਚ ਤਲਾਸ਼ੀ ਲਈ ਗਈ।
ਇਸ ਮਾਮਲੇ ਬਾਰੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਇੰਡਸਟ੍ਰੀਅਲ ਏਰੀਆ ਵਿਚ ਸਥਿਤ ਹਯਾਤ ਹੋਟਲ ਅਤੇ ਲਲਿਤ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਧਮਕੀ ਈਮੇਲ ਰਾਹੀਂ ਆਈ ਹੈ। ਪੁਲਿਸ ਵੱਲੋਂ ਦੋਵੇਂ ਹੋਟਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਐਸ.ਐਸ.ਪੀ. ਨੇ ਕਿਹਾ ਕਿ ਈਮੇਲ ਕਿੱਥੋਂ ਭੇਜੀ ਗਈ ਹੈ, ਇਸਦੀ ਜਾਂਚ ਜਾਰੀ ਹੈ।
ਪਹਿਲਾਂ ਹਯਾਤ ਹੋਟਲ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ, ਉਸ ਤੋਂ ਬਾਅਦ ਲਲਿਤ ਹੋਟਲ ਨੂੰ ਵੀ ਅਜਿਹੀ ਹੀ ਈਮੇਲ ਭੇਜੀ ਗਈ। ਇਸ ਸੂਚਨਾ ਤੋਂ ਬਾਅਦ ਬੰਬ ਸਕਵਾਇਡ, ਡਾਗ ਸਕਵਾਇਡ, ਓਪਰੇਸ਼ਨ ਸੈੱਲ ਦੀ ਟੀਮ ਅਤੇ ਕ੍ਰਾਈਮ ਬ੍ਰਾਂਚ ਨਾਲ ਸੰਬੰਧਤ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਹੋਟਲ ਦੇ ਸਾਰੇ ਸੀਸੀਟੀਵੀ ਕੈਮਰੇ ਚੈਕ ਕੀਤੇ ਅਤੇ ਹੋਟਲ ਦੀ ਸੁਰੱਖਿਆ ਲਈ ਵਾਧੂ ਪੁਲਿਸ ਅਫਸਰ ਤੈਨਾਤ ਕਰ ਦਿੱਤੇ।