ਦਲਜੀਤ ਕੌਰ
ਲਹਿਰਾਗਾਗਾ, 6 ਦਸੰਬਰ, 2024: ਸੀਬਾ ਸਕੂਲ ਦੀ ਐਨ.ਐਸ.ਐਸ ਯੂਨਿਟ ਦੇ ਵਲੰਟੀਅਰਾਂ ਅਤੇ ਐਨ.ਸੀ.ਸੀ. ਦੇ ਕੈਡਿਟਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਪਿੰਡ ਗਾਗਾ ਦੀ ਸਫ਼ਾਈ ਲਈ ਕੈਂਪ ਲਾਇਆ ਗਿਆ।
ਇਸ ਕੈਂਪ ਦੀ ਸ਼ੁਰੂਆਤ ਸਰਪੰਚ ਗਾਗਾ ਬਲਜੀਤ ਕੌਰ, ਗੁਰਦੀਪ ਸਿੰਘ ਭਿੱਤਰ, ਗੁਰੁ-ਘਰ ਦੇ ਮੈਨੇਜਰ ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਨਾਲ ਰਲ ਕੇ ਸੇਵਾ ਕਰਵਾਈ। ਇਸ ਦੌਰਾਨ ਐਨ.ਐਸ.ਐਸ ਦੇ ਇੰਚਾਰਜ ਨਰੇਸ਼ ਚੌਧਰੀ ਨੇ ਦੱਸਿਆ ਕਿ ਗੁਰਪੁਰਬ ਕਾਰਨ ਗੁਰਦੁਆਰਾ ਸਾਹਿਬ ਨੂੰ ਜਾਂਦੀ ਮੇਨ ਰੋਡ ਦੇ ਆਲੇ-ਦੁਆਲੇ ਮਿੱਟੀ, ਰੂੜੀਆਂ ਤੇ ਝਾੜੀਆਂ ਦੀ ਭਰਮਾਰ ਸੀ ਜਿਸ ਨੂੰ ਨਗਰ ਪੰਚਾਇਤ ਦੀ ਮਦਦ ਨਾਲ ਸਾਫ਼ ਕੀਤਾ ਗਿਆ। ਇਸ ਤੋਂ ਇਲਾਵਾ ਸਟੇਡੀਅਮ ਵਾਲੇ ਰਾਹ ਉੱਪਰੋਂ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਕੱਟ ਕੇ ਲੰਘਣ ਯੋਗ ਬਣਾਇਆ ਗਿਆ।
ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਬਾਬੇ ਨਾਨਕ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਹੱਥੀਂ ਕਿਰਤ ਨਾਲ ਅਸੀਂ ਸੰਸਾਰ ਨੂੰ ਸੋਹਣਾ ਬਣਾ ਸਕਦੇ ਹਾਂ।ਹਰ ਇਨਸਾਨ ਨੂੰ ਆਪਣਾ ਆਲਾ-ਦੁਆਲਾ, ਮੁਹੱਲਾ, ਪਿੰਡ ਸਾਫ਼-ਸੁਥਰਾ ਰੱਖਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਹੀ ਸਾਡਾ ਜਿਉਣਾ ਸਾਰਥਿਕ ਹੋ ਸਕਦਾ ਹੈ। ਸੀਬਾ ਸਕੂਲ ਵਲੋਂ ਪਿੰਡ ਗਾਗਾ ਨੂੰ ਪਿੰਡ ਵਾਸੀਆਂ, ਸਮਾਜ ਸੇਵੀਆਂ, ਐਨ.ਆਰ.ਆਈਜਾਂ ਅਤੇ ਸਾਬਕਾ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਲਾਕੇ ਦਾ ਸਭ ਤੋਂ ਵੱਧ ਸਾਫ਼ ਸੁਥਰਾ ਅਤੇ ਸੋਹਣਾ ਪਿੰਡ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ।
ਇਸ ਮੌਕੇ ਗੌਤਮ ਸਿੰਘ ਪੰਚ, ਜੈਲਾ ਸਿੰਘ, ਸੁਰਜੀਤ ਸਿੰਘ, ਜਸਪ੍ਰੀਤ ਸਿੰਘ, ਮੱਘਰ ਸਿੰਘ ਤੋਂ ਇਲਾਵਾ ਬਲਕਾਰ ਸਿੰਘ ਤਾਰੀ, ਮਲਕੀਤ ਸਿੰਘ ਡੀ.ਪੀ. ਤੇ ਸਾਰੇ ਟਰਾਂਸਪੋਰਟ ਦੇ ਡਰਾਈਵਰਾਂ ਨੇ ਭਰਪੂਰ ਸਹਿਯੋਗ ਦਿੱਤਾ।