17 ਦਸੰਬਰ ਨੂੰ 70 ਸਾਲਾ ਪੈਨਸ਼ਨਰਜ਼ ਦਾ ਸਨਮਾਨ ਕੀਤਾ ਜਾਵੇਗਾ: ਜੱਗਾ ਸਿੰਘ ਧਨੌਲਾ
ਦਲਜੀਤ ਕੌਰ
ਬਰਨਾਲਾ, 8 ਦਸੰਬਰ, 2024: ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਪੰਜਾਬ ਦੇ ਸੱਦੇ ‘ਤੇ ਸ਼ਹਿਰੀ ਅਤੇ ਦਿਹਾਤੀ ਬਰਨਾਲਾ ਦੀ ਸਾਂਝੀ ਮੀਟਿੰਗ ਜੱਗਾ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਕੀਤੀ ਗਈ।ਇਸ ਰੈਲੀ ਵਿੱਚ ਸੈਂਕੜੇ ਸਾਥੀ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਏ।
ਇਸ ਰੈਲੀ ਨੁਮਾ ਮੀਟਿੰਗ ਨੂੰ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬੁਲਾਰੇ ਆਗੂਆਂ ਸ਼ਿੰਦਰ ਧੌਲਾ, ਰੂਪ ਚੰਦ ਤਪਾ, ਗੁਰਚਰਨ ਸਿੰਘ, ਗੌਰੀ ਸ਼ੰਕਰ ਨੇ ਸੰਬੋਧਨ ਕਰਦਿਆਂ ਕਿਹਾ ਕਿ 10 ਨਵੰਬਰ ਨੂੰ ਬਰਨਾਲਾ ਵਿਧਾਨ ਸਭਾ ਹਲਕੇ ਦੀਆਂ ਹੋ ਰਹੀਆਂ ਜ਼ਿਮਨੀ ਚੋਣਾਂ ਮੌਕੇ ਵਾਰ ਵਾਰ ਵਾਅਦੇ ਕਰਕੇ ਮੁੱਕਰ ਜਾਣ ਵਾਲੀ ਆਮ ਆਦਮੀ ਪਾਰਟੀ ਦੀ ਮੁਲਾਜ਼ਮ, ਪੈਨਸ਼ਨਰਜ਼ ਵਿਰੋਧੀ ਨੀਤੀ ਖਿਲਾਫ਼ ਪਿੰਡਾਂ ਦੀਆਂ ਸੱਥਾਂ ਵਿੱਚ ਪਰਦਾਚਾਕ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪੈਨਸ਼ਨਰਜ਼ ਸਾਥੀਆਂ ਵੱਲੋਂ ਸੰਘਰਸ਼ ਸੱਦੇ ਆਮ ਆਦਮੀ ਪਾਰਟੀ ਸਰਕਾਰ ਦੇ ਲੋਕ ਸਭਾ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਤੱਕ ਹੋ ਰਹੇ ਪੋਲ ਖੋਲ੍ਹ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।
ਇਸ ਮੌਕੇ ਆਗੂਆਂ ਰਜਿੰਦਰ ਸਿੰਘ ਖਿਆਲੀ, ਜਗਦੀਸ਼ ਸਿੰਘ ਨਾਈਵਾਲਾ, ਮੋਹਣ ਸਿੰਘ ਛੰਨਾਂ ਨੇ ਮੰਗ ਕੀਤੀ ਕਿ 2.59 ਦਾ ਫੈਕਟਰ ਲਾਗੂ ਕੀਤਾ ਜਾਵੇ, ਸਾਢੇ ਪੰਜ ਸਾਲ ਦਾ ਬਕਾਇਆ ਜਾਰੀ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਦੇ ਨਾਲ ਨਾਲ ਕੱਚੇ ਕਾਮਿਆਂ ਨੂੰ ਪੱਕਾ ਕਰਨ ਆਦਿ ਦੀਆਂ ਬੁਨਿਆਦੀ ਮੰਗਾਂ ਲਈ ਲਾਮਬੰਦੀ ਜਾਰੀ ਰੱਖਣ ਦੀ ਅਪੀਲ ਕੀਤੀ। ਬੁਲਾਰਿਆਂ ਕਿਹਾ ਕਿ ਪਾਵਰਕੌਮ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਪ੍ਰਤੀ ਬੇਸ਼ਰਮੀ ਭਰੀ ਚੁੱਪ ਧਾਰੀ ਹੋਈ ਹੈ। ਕਿਉਂਕਿ ਭਾਵੇਂ ਆਮ ਆਦਮੀ ਪਾਰਟੀ ਦੀ ਝਾੜੂ ਵਾਲੀ ਸਰਕਾਰ ਇਨਕਲਾਬ ਦੇ ਨਾਹਰੇ ਮਾਰਦੀ ਹਕੂਮਤੀ ਗੱਦੀ ਉੱਤੇ ਕਾਬਜ਼ ਹੋਈ ਸੀ ਪਰ ਨੀਤੀ ਕਾਰਪੋਰੇਟ ਘਰਾਣਿਆਂ ਪੱਖੀ ਹੀ ਲਾਗੂ ਕਰ ਰਹੀ ਹੈ। ਮੁਲਾਜ਼ਮ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਸਾਲਾਂ ਬੱਧੀ ਸਮੇਂ ਤੋਂ ਉਵੇਂ ਹੀ ਲਮਕ ਰਹੀਆਂ ਹਨ। ਪਾਵਰਕੌਮ ਪੈਨਸ਼ਨਰਜ਼ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ।
ਇਸ ਸਮੇਂ ਆਗੂਆਂ ਜਗਰਾਜ ਸਿੰਘ, ਬੂਟਾ ਸਿੰਘ, ਅਬਜਿੰਦਰ ਸਿੰਘ, ਜੋਗਿੰਦਰ ਪਾਲ, ਰਾਮ ਸਿੰਘ, ਸ਼ਿੰਗਾਰਾ ਸਿੰਘ, ਗੁਰਜੰਟ ਸਿੰਘ, ਬਲਵੰਤ ਸਿੰਘ, ਸਿਕੰਦਰ ਸਿੰਘ, ਤਰਸੇਮ ਬਾਵਾ ਆਦਿ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ-ਵਾਰ ਮੀਟਿੰਗਾਂ ਦੇਕੇ ਭੱਜ ਰਹੀ ਹੈ। ਇਸ ਲਈ ਬੁਲਾਰਿਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇੱਕ ਅਹਿਮ ਫੈਸਲੇ ਰਾਹੀਂ 17 ਦਸੰਬਰ 2024 ਨੂੰ 70 ਸਾਲ ਦਾ ਸਫ਼ਰ ਪੂਰਾ ਕਰਨ ਵਾਲੇ ਪੈਨਸ਼ਨਰਜ਼ ਦਾ ਪਾਵਰਕੌਮ ਪੈਨਸ਼ਨਰਜ਼ ਦੇ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਸਨਮਾਨ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਸਮਾਗਮ ਵਿੱਚ 70 ਸਾਲ ਪੂਰਾ ਕਰਨ ਵਾਲੇ ਪੈਨਸ਼ਨਰਜ਼ ਅਤੇ ਫੈਮਿਲੀ ਪੈਨਸ਼ਨਰ ਨੂੰ ਸਨਮਾਨਿਤ ਕੀਤਾ ਜਾਵੇਗਾ। ਸਟੇਜ ਦੇ ਫਰਜ਼ ਸਾਥੀ ਗੁਰਚਰਨ ਸਿੰਘ ਨੇ ਨਿਭਾਏ।