20 ਪਿਸਤੌਲ, 11 ਕਿਲੋ ਨਸ਼ਾ, 10 ਹਜ਼ਾਰ ਡਾਲਰ ਦੀ ਨਾਜਾਇਜ਼ ਆਮਦਨ ਤੇ 6 ਚੋਰੀ ਦੀਆਂ ਗੱਡੀਆਂ ਬਰਾਮਦ
ਓਟਾਵਾ, 13 ਦਸੰਬਰ, ਦੇਸ਼ ਕਲਿਕ ਬਿਊਰੋ :
ਕੈਨੇਡਾ ਵਿੱਚ ਪੰਜਾਬੀ ਮੂਲ ਦੇ ਪੰਜ ਨੌਜਵਾਨਾਂ ਨੂੰ ਫਿਰੌਤੀ ਵਸੂਲਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡਾ ਦੇ ਬ੍ਰੈਮਪਟਨ ਅਤੇ ਮਿਸਿਸਾਗਾ ਵਿੱਚ ਦੱਖਣੀ ਏਸ਼ੀਆਈ ਵਪਾਰੀਆਂ ਨੂੰ ਨਿਸ਼ਾਨਾ ਬਣਾ ਕੇ ਫਿਰੌਤੀ ਵਸੂਲਣ ਵਾਲੇ ਪੰਜ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡਾ ਪੁਲਿਸ ਦੇ ਮੁੱਖੀ ਨੇ ਕਿਹਾ ਕਿ ਇਹ ਇੱਕ ਚਿੰਤਾਜਨਕ ਰੁਝਾਨ ਹੈ, ਜਿੱਥੇ ਵਪਾਰਕ ਮਾਲਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਵੱਡੀ ਰਕਮ ਲਈ ਜ਼ਬਰਦਸਤੀ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੀਲ ਪੁਲਿਸ ਨੇ ਜ਼ਬਰਦਸਤੀ ਵਸੂਲੀ ਜਾਂਚ ਟਾਸਕ ਫੋਰਸ (EITF) ਦਾ ਗਠਨ ਕੀਤਾ, ਜਿਸ ਵਿੱਚ ਪੁਲਿਸ ਸੇਵਾ ਦੇ ਮਾਹਿਰ ਮੈਂਬਰ ਸ਼ਾਮਲ ਹਨ।
ਟਾਸਕ ਫੋਰਸ ਨੇ 60 ਤੋਂ ਵੱਧ ਘਟਨਾਵਾਂ ਦੀ ਜਾਂਚ ਕੀਤੀ ਹੈ, ਜਦਕਿ 154 ਸ਼ਿਕਾਇਤਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਕਾਰੋਬਾਰੀਆਂ ਨੂੰ ਧਮਕੀ ਦੇ ਕੇ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀਆਂ ਨੇ ਅਕਸਰ ਵਟਸਐਪ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸੰਪਰਕ ਕਰ ਕੇ ਵਸੂਲੀ ਕੀਤੀ। ਪੰਜ ਸ਼ੱਕੀਆਂ ਵਿੱਚੋਂ ਤਿੰਨ ਬ੍ਰੈਮਪਟਨ ਦੇ ਹਨ, ਜਦਕਿ ਹੋਰ ਦੋ ਕ੍ਰਮਵਾਰ ਹੈਮਿਲਟਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹਨ।
ਉਹਨਾਂ ਦੀ ਪਹਿਚਾਣ 25 ਸਾਲਾ ਹਰਮਨਜੀਤ ਸਿੰਘ, 44 ਸਾਲਾ ਤਜਿੰਦਰ ਤਤਲਾ, 21 ਸਾਲਾ ਰੁਖਸਾਰ ਅਚਕਜਈ, 24 ਸਾਲਾ ਦਿਨੇਸ਼ ਕੁਮਾਰ ਅਤੇ 27 ਸਾਲਾ ਬੰਧੁਮਾਨ ਸੇਖੋਂ ਵਜੋਂ ਹੋਈ ਹੈ। ਉਨ੍ਹਾਂ ’ਤੇ ਕੁੱਲ 16 ਦੋਸ਼ ਲਗਾਏ ਗਏ ਹਨ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਤੋਂ ਵੀ ਫਿਰੌਤੀ ਦੀ ਧਮਕੀ ਦੇ ਕੇ ਪੈਸੇ ਦੀ ਮੰਗ ਕੀਤੀ ਜਾਵੇ, ਤਾਂ ਉਹ ਕੋਈ ਭੁਗਤਾਨ ਨਾ ਕਰੇ ਅਤੇ ਤੁਰੰਤ ਪੁਲਿਸ ਨੂੰ ਕਾਲ ਕਰੇ।ਜਾਂਚ ਦੇ ਦੌਰਾਨ 20 ਪਿਸਤੌਲ, 11 ਕਿਲੋ ਨਸ਼ੀਲਾ ਪਦਾਰਥ, 10 ਹਜ਼ਾਰ ਡਾਲਰ ਤੋਂ ਵੱਧ ਦੀ ਗੈਰਕਾਨੂੰਨੀ ਆਮਦਨੀ ਅਤੇ 6 ਚੋਰੀ ਦੀਆਂ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ।