ਚੰਡੀਗੜ੍ਹ, 14 ਦਸੰਬਰ, ਦੇਸ਼ ਕਲਿੱਕ ਬਿਓਰੋ :
ਕਿਸਾਨ ਅੰਦੋਲਨ ਨੂੰ ਲੈ ਕੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਵੱਲੋਂ ਇਕ ਵਿਵਾਦਤ ਬਿਆਨ ਦਿੱਤਾ ਗਿਆ। ਭਾਜਪਾ ਦੇ ਰਾਜ ਸਭਾ ਮੈਂਬਰ ਨੇ ਸਾਲ 2021 ਵਿੱਚ ਦਿੱਲੀ ਦੇ ਬਾਰਡਰ ਉਤੇ ਚੱਲੇ ਕਿਸਾਨ ਅੰਦੋਲਨ ਨੂੰ ਲੈ ਕੇ ਗੰਭੀਰ ਦੋਸ਼ਾਂ ਵਾਲਾ ਵਿਵਾਦਤ ਬਿਆਨ ਦਿੱਤਾ ਹੈ। ਰੋਹਤਕ ਵਿਖੇ ਖੰਡ ਮਿਲ ਵਿੱਚ ਗੰਨੇ ਦੀ ਪੀੜਨ ਦੇ ਕੰਮ ਦੀ ਸ਼ੁਰੂਆਤ ਕਰਨ ਪਹੁੰਚੇ ਰਾਮਚੰਦਰ ਜਾਂਗੜ ਨੇ ਕਿਹਾ ਕਿ 2021 ਵਿੱਚ ਕਿਸਾਨ ਅੰਦੋਲਨ ਦੌਰਾਨ ਬਾਰਡਰ ਉਤੇ ਜਿੱਥੇ ਜਿੱਥੇ ਕਿਸਾਨ ਬੈਠੇ ਉਥੋਂ ਦੇ ਆਸ ਪਾਸ ਦੇ ਪਿੰਡਾਂ ਦੀਆਂ ਕਰੀਬ 700 ਲੜਕੀਆਂ ਗੁੰਮ ਹੋ ਗਈਆਂ, ਜਿੰਨਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ। ਮੀਡੀਆਂ ਖਬਰਾਂ ਮੁਤਾਬਕ ਜਾਂਗੜ ਨੇ ਕਿਹਾ ਕਿ 2021 ਤੋਂ ਪਹਿਲਾਂ ਹਰਿਆਣਾ ਵਿੱਚ ਕੇਵਲ ਸ਼ਰਾਬ ਅਤੇ ਬੀੜੀ ਹੀ ਨਸ਼ਾ ਸੀ, ਪ੍ਰੰਤੂ 2021 ਦੇ ਬਾਅਦ ਚਰਸ, ਗਾਂਜਾ ਵਰਗੇ ਜਾਨਲੇਵਾ ਨਸ਼ੇ ਪਨਪ ਰਹੇ ਹਨ।
ਭਾਜਪਾ ਸਾਂਸਦ ਨੇ ਕਿਹਾ ਕਿ 2021 ਵਿੱਚ ਇਕ ਸਾਲ ਤੱਕ ਟਿਕਰੀ ਅਤੇ ਸਿੰਘੂ ਬਾਰਡਰ ਉਤੇ ਪੰਜਾਬ ਦੇ ਜੋ ਨਸ਼ੇੜੀ ਬੈਠੇ ਰਹੇ, ਉਨ੍ਹਾਂ ਸਾਰਾ ਨਸ਼ੇ ਦਾ ਨੈਟਵਰਕ ਹਰਿਆਣਾ ਸੂਬੇ ਵਿੱਚ ਫੇਲ੍ਹਾ ਦਿੱਤਾ। ਉਸ ਦੇ ਬਾਅਦ ਪਿੰਡ ਪਿੰਡ ਵਿੱਚ ਬੱਚੇ ਬੇਮੌਤ ਮਰ ਰਹੇ ਹਨ। ਹਰਿਆਣਾ ਦੇ ਨੌਜਵਾਨ ਹੇਰੋਇਨ, ਭੁੱਕੀ, ਅਫੀਤ, ਕੋਕੀਨ ਅਤੇ ਸਮੈਕ ਦੇ ਜਾਲ ਵਿੱਚ ਫਸੇ ਹੋਏ ਹਨ। ਕਿਸਾਨ ਅੰਦੋਲਨ ਕਾਰਨ ਬਹਾਦਰਗੜ੍ਹ ਅਤੇ ਸੋਨੀਪਤ ਦੇ ਸੈਕੜੇ ਫੈਕਟਰੀਆਂ ਬੰਦ ਹੋ ਗਈਆਂ। ਇਸ ਨਾਲ ਨੁਕਸਾਨ ਹਰਿਆਣਾ ਸੂਬੇ ਦਾ ਹੋਇਆ, ਪੰਜਾਬ ਦਾ ਨਹੀਂ। ਕਿਸਾਨ ਅੰਦੋਲਨ ਦੌਰਾਨ ਇਕ ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ ਸ਼ਰ੍ਹੇਆਮ ਲਟਕਾ ਦਿੱਤਾ ਗਿਆ ਸੀ, ਅਜਿਹੇ ਕਿਸਾਨ ਨਹੀਂ ਸਗੋਂ ਕਸਾਈ ਹਨ।