ਅੰਮ੍ਰਿਤਸਰ, 15 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ-ਚੰਡੀਗੜ੍ਹ ਵਿਚ ਅੱਜ ਵੀ ਸ਼ੀਤ ਲਹਿਰ ਦਾ ਅਸਰ ਦੇਖਣ ਨੂੰ ਮਿਲੇਗਾ। ਪੰਜਾਬ ਅਤੇ ਚੰਡੀਗੜ੍ਹ ਦਾ ਤਾਪਮਾਨ ਆਮ ਬਣਿਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ, ਪਹਾੜਾਂ ਤੋਂ ਆ ਰਹੀਆਂ ਠੰਡੀ ਹਵਾਵਾਂ ਕਾਰਨ ਪੰਜਾਬ-ਚੰਡੀਗੜ੍ਹ ਵਿੱਚ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਮੈਦਾਨੀ ਖੇਤਰਾਂ ਵਿੱਚ ਪੰਜਾਬ ਦਾ ਆਦਮਪੁਰ ਏਅਰਫੋਰਸ ਸਟੇਸ਼ਨ ਸਭ ਤੋਂ ਠੰਢਾ ਰਿਹਾ ਹੈ। ਇੱਥੇ ਤਾਪਮਾਨ 0.7 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅਨੁਸਾਰ ਅੱਜ ਵੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ੀਤ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਇਹ ਅਲਰਟ 21 ਜ਼ਿਲ੍ਹਿਆਂ ਲਈ ਜਾਰੀ ਕੀਤਾ ਗਿਆ ਹੈ। ਇਹ ਅਲਰਟ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ, ਲੁਧਿਆਣਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ ਅਤੇ ਮਲੇਰਕੋਟਲਾ ਵਿੱਚ ਜਾਰੀ ਕੀਤਾ ਗਿਆ ਹੈ।
16 ਦਸੰਬਰ ਤੋਂ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋਣ ਜਾ ਰਹੀ ਹੈ। ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀ ਸ਼ਸ਼ੀਕਾਂਤ ਮਿਸ਼ਰਾ ਨੇ ਦੱਸਿਆ ਕਿ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋ ਰਹੀ ਹੈ। ਇਸਦਾ ਅਸਰ ਜੰਮੂ-ਕਸ਼ਮੀਰ, ਲੱਦਾਖ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਹੋਵੇਗਾ। ਇੱਥੇ ਹਲਕੀ, ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜੇ ਉਥੇ ਚੰਗੀ ਬਰਫਬਾਰੀ ਹੋਈ ਤਾਂ ਪੰਜਾਬ ਵਿੱਚ ਤਾਪਮਾਨ ਹੋਰ ਵੀ ਘਟੇਗਾ।
ਇਸਦਾ ਮੁੱਖ ਕਾਰਨ ਇਸ ਦੌਰਾਨ ਪਹਾੜਾਂ ਤੋਂ ਮੈਦਾਨੀ ਖੇਤਰਾਂ ਵੱਲ ਵਹਿ ਰਹੀਆਂ ਠੰਡੀ ਹਵਾਵਾਂ ਹਨ। ਬਰਫਬਾਰੀ ਤੋਂ ਬਾਅਦ ਇਹ ਹਵਾਵਾਂ ਠੰਢੀਆਂ ਹੋ ਕੇ ਮੈਦਾਨੀ ਖੇਤਰਾਂ ਵਿੱਚ ਆਉਂਦੀਆਂ ਹਨ, ਜਿਸ ਨਾਲ ਤਾਪਮਾਨ ਵਿੱਚ ਕਮੀ ਆਉਂਦੀ ਹੈ।