ਨਵੀਂ ਦਿੱਲੀ, 17 ਦਸੰਬਰ, ਏਜੰਸੀਆਂ/ਦੇਸ਼ ਕਲਿੱਕ ਬਿਓਰੋ :
ਜੌਰਜੀਆ ਦੇ ਇੱਕ ਰੈਸਟੋਰੈਂਟ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਸ਼ੁਰੂਆਤੀ ਜਾਂਚ ਦੇ ਬਾਅਦ ਜੌਰਜੀਆ ਪੁਲਿਸ ਨੇ ਦੱਸਿਆ ਕਿ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਲੋਕਾਂ ਦੀ ਜਾਨ ਚਲੀ ਗਈ। ਇਹ ਸਾਰੇ ਪਹਾੜੀ ਖੇਤਰ ਵਿੱਚ ਸਥਿਤ ਰਿਜਾਰਟ ਵਿੱਚ ਕੰਮ ਕਰਦੇ ਸਨ। ਸਰਕਾਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਚਲਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਉਤੇ ਚੋਟ ਜਾਂ ਫਿਰ ਹਮਲੇ ਦਾ ਕੋਈ ਵੀ ਨਿਸ਼ਾਨ ਨਹੀਂ ਸੀ। ਇਹ ਸਾਰੇ ਲੋਕ ਰੈਸਟੋਰੈਂਟ ਦੀ ਦੂਜੀ ਮੰਜਿਲ ਉਤੇ ਇਕ ਕਮਰੇ ਵਿੱਚ ਸਨ।
ਇੰਡੀਅਨ ਹਾਈ ਕਮਿਸ਼ਨ ਨੇ ਦੱਸਿਆ ਕਿ ਕਾਰਬਨ ਮੋਨੋਆਕਸਾਈਡ ਫੈਲਣ ਕਾਰਨ ਇਹ ਘਟਨਾ ਹੋਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਕਮਰੇ ਦੇ ਨੇੜੇ ਪਾਵਰ ਜਨਰੇਟਰ ਰੱਖਿਆ ਹੋਇਆ ਸੀ। ਲਾਈਟ ਕਟੀ ਤਾਂ ਇਸ ਨੂੰ ਚਾਲੂ ਕਰ ਦਿੱਤਾ। ਇਸ ਤੋਂ ਬਾਅਦ ਕਾਰਬਨ ਮੋਨੋਆਕਸਾਈਡ ਕਮਰੇ ਵਿੱਚ ਭਰਨ ਲੱਗੀ। ਇਸ ਕਾਰਨ ਦਮ ਘੁਟਣ ਕਾਰਨ ਸਾਰਿਆਂ ਦੀ ਮੌਤ ਹੋ ਗਈ।
ਆਈਆਂ ਖਬਰਾਂ ਮੁਤਾਬਕ ਮਰਨ ਵਾਲਿਆਂ ਵਿੱਚ ਪੰਜਾਬ ਦੇ ਤਲਵੰਡੀ ਸਾਬੋ ਦੇ ਰਹਿਣ ਵਾਲੇ 26 ਸਾਲਾ ਹਰਵਿੰਦਰ ਸਿੰਘ, ਪਟਿਆਲਾ ਦੇ 33 ਸਾਲਾ ਵਾਰਿੰਦਰ ਸਿੰਘ, ਤਰਨਤਾਰਨ ਦੇ ਸੰਦੀਪ ਸਿੰਘ, ਜਲੰਧਰ ਦੇ ਰਵਿੰਦਰ ਕੁਮਾਰ, ਸੁਨਾਮ ਦੇ ਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ, ਰਾਜਪੁਰਾ ਦੀ ਅਮਰਿੰਦਰ ਕੌਰ, ਮੋਗਾ ਦੇ ਮਨਿੰਦਰ ਕੌਰ ਅਤੇ ਗਗਨਦੀਪ ਸਿੰਘ ਦੇ ਨਾਮ ਦੱਸੇ ਗਏ ਹਨ। ਜੌਰਜੀਆ ਪੁਲਿਸ ਨੇ ਰੈਸਟੋਰੈਂਟ ਦੇ ਮਾਲਕ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ।