ਚੰਡੀਗੜ੍ਹ, 21 ਦਸੰਬਰ, ਦੇਸ਼ ਕਲਿਕ ਬਿਊਰੋ :
ਪ੍ਰਸਿੱਧ ਆਗੂ ਨਾਮਧਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਦੇਹਾਂਤ ਹੋ ਗਿਆ ਹੈ। ਨਾਮਧਾਰੀ ਹਰਵਿੰਦਰ ਸਿੰਘ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। 2022 ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸੂਤਰਾਂ ਅਨੁਸਾਰ, ਉਹ ਦਿੱਲੀ ਦੇ ਮੈਕਸ ਹਸਪਤਾਲ ਵਿਚ ਰੁਟੀਨ ਚੈਕਅਪ ਲਈ ਗਏ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਨਾਮਧਾਰੀ ਹਰਵਿੰਦਰ ਹੰਸਪਾਲ ਦਾ ਅੰਤਿਮ ਸਸਕਾਰ 24 ਦਸੰਬਰ, ਮੰਗਲਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਕੀਤਾ ਜਾਵੇਗਾ।ਹਰਵਿੰਦਰ ਸਿੰਘ ਹੰਸਪਾਲ ਭਾਰਤ ਸਰਕਾਰ ਵਲੋਂ ਸੰਯੁਕਤ ਰਾਸ਼ਟਰ ਵਿੱਚ ਪ੍ਰਤੀਨਿਧਿਤਾ ਕਰ ਚੁੱਕੇ ਹਨ ਅਤੇ ਰਾਜ ਸਭਾ ਦੀ ਸਭਾ ਕਮੇਟੀ ਦੇ ਪ੍ਰਧਾਨ ਵਜੋਂ ਵੀ ਕੰਮ ਕਰ ਚੁੱਕੇ ਹਨ। ਹਾਲ ਹੀ ਵਿੱਚ, ਹੰਸਪਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਮੌਜੂਦਾ ਸਮੇਂ ਵਿੱਚ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਸਨ।