ਬਿਲਡਿੰਗ ਮਾਲਕਾਂ ਖਿਲਾਫ ਕੇਸ ਦਰਜ
ਮੋਹਾਲੀ, 22 ਦਸੰਬਰ, ਦੇਸ਼ ਕਲਿੱਕ ਬਿਓਰੋ :
ਬੀਤੇ ਕੱਲ੍ਹ ਸੋਹਾਣਾ ਵਿੱਚ ਅਚਾਨਕ ਢਹਿ ਢੇਰੀ ਹੋਈ ਇਮਾਰਤ ਵਿੱਚ ਇਕ ਲੜਕੀ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਹੋਰ ਦੱਬੇ ਹੋਏ ਵਿਅਕਤੀਆਂ ਨੂੰ ਕੱਢਣ ਲਈ ਰਾਤ ਭਰ ਬਚਾਓ ਕਾਰਜ ਜਾਰੀ ਰਹੇ। ਇਸ ਘਟਨਾ ਵਾਪਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬਚਾਓ ਕਾਰਜ ਸ਼ੁਰੂ ਕਰ ਦਿੱਤੇ ਸਨ। ਐਨਡੀਆਰਐਫ ਨੂੰ ਵੀ ਬੁਲਾਇਆ ਗਿਆ। ਐਨਡੀਆਰਐਫ ਵੱਲੋਂ ਬੀਤੇ ਰਾਤ ਇਕ ਲੜਕੀ ਨੂੰ ਕੱਢੀਆਂ ਗਈਆਂ, ਜਿਸ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਹਿਚਾਣ ਹਿਮਾਚਲ ਪ੍ਰਦੇਸ਼ ਦੇ ਥੀਓਗ ਦੀ ਰਹਿਣ ਵਾਲੀ ਦ੍ਰਿਸ਼ਟੀ ਵਰਮਾ (20) ਪੁੱਤਰੀ ਮਰਹੂਮ ਭਗਤ ਵਰਮਾ ਵਜੋਂ ਹੋਈ ਹੈ। ਰਾਸ਼ਟਰੀ ਆਫਤ ਪ੍ਰਬੰਧਨ ਬਲ ਨੇ ਉਸ ਨੂੰ ਗੰਭੀਰ ਹਾਲਤ ‘ਚ ਮਲਬੇ ‘ਚੋਂ ਕੱਢਿਆ ਸੀ। ਦੇਰ ਰਾਤ ਕਾਰਜਕਾਰੀ ਡੀਸੀ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਉਸ ਨੂੰ ਸੋਹਾਣਾ ਹਸਪਤਾਲ ਲਿਜਾਇਆ ਗਿਆ ਸੀ
ਦੂਜੇ ਪਾਸੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਸ ਨੇ ਸ਼ਨੀਵਾਰ ਰਾਤ ਨੂੰ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਦੇ ਖਿਲਾਫ ਭਾਰਤੀ ਨਿਆਏ ਸਹਿੰਤਾ ਦੀ ਧਾਰਾ 105 ਅਧੀਨ ਕੇਸ ਦਰਜ ਕਰ ਲਿਆ ਹੈ।
ਕਾਰਜਕਾਰੀ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਸ਼ਾਮ ਨੂੰ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਦਿਆਂ ਹੀ ਉਹ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਕੇ ‘ਤੇ ਪੁੱਜੇ, ਜਿੱਥੇ ਜ਼ਿਲ੍ਹਾ ਪੁਲਿਸ ਨੇ ਸਥਾਨਕ ਲੋਕਾਂ ਅਤੇ ਹੋਰ ਵਿਭਾਗਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਐਸ ਐਸ ਪੀ ਦੀਪਕ ਪਾਰੀਕ ਵੀ ਉਨ੍ਹਾਂ ਅਧਿਕਾਰੀਆਂ ਵਿੱਚ ਸ਼ਾਮਲ ਸਨ ਜੋ ਘਟਨਾ ਸਥਾਨ ‘ਤੇ ਸਭ ਤੋਂ ਪਹਿਲਾਂ ਪਹੁੰਚੇ ਅਤੇ ਬਚਾਅ ਕਾਰਜਾਂ ਦੀ ਤੁਰੰਤ ਸ਼ੁਰੂਆਤ ਨੂੰ ਯਕੀਨੀ ਬਣਾਉਣ ਲਈ ਪਹਿਲਕਦਮੀ ਕੀਤੀ। ਇਸ ਮੌਕੇ ਕਮਿਸ਼ਨਰ ਐਮ.ਸੀ.ਮੋਹਾਲੀ, ਟੀ. ਬੇਨੀਥ, ਏ.ਡੀ.ਸੀ (ਯੂ.ਡੀ.) ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਮੋਹਾਲੀ ਦਮਨਦੀਪ ਕੌਰ ਅਤੇ ਸਥਾਨਕ ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਅਤੇ ਹੋਰ ਪੁਲਿਸ ਅਤੇ ਸਿਵਲ ਅਧਿਕਾਰੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਪਿੰਜੌਰ ਸਥਿਤ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਨੂੰ ਸੰਦੇਸ਼ ਭੇਜਿਆ ਅਤੇ ਇਸ ਤੋਂ ਇਲਾਵਾ ਫੌਜ ਦੀ ਪੱਛਮੀ ਕਮਾਂਡ ਨੂੰ ਐਨ ਡੀ ਆਰ ਐੱਫ ਨਾਲ ਬਚਾਅ ਕਾਰਜਾਂ ਨੂੰ ਜਾਰੀ ਰੱਖਣ ਲਈ ਸੂਚਿਤ ਕੀਤਾ।
ਸ੍ਰੀ ਵਿਰਾਜ ਐਸ ਤਿੜਕੇ ਨੇ ਕਿਹਾ ਕਿ ਹੁਣ ਤੱਕ, ਇੱਕ ਗੰਭੀਰ ਜ਼ਖਮੀ ਔਰਤ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਹੈ ਅਤੇ ਐਨ ਡੀ ਆਰ ਐਫ ਅਤੇ ਆਰਮੀ ਦੇ ਕਰਮਚਾਰੀ। ਮਲਬੇ ਹੇਠ ਫਸੇ ਹੋਰਨਾਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਸ਼੍ਰੀ ਵਿਰਾਜ ਐਸ ਤਿੜਕੇ ਨੇ ਕਿਹਾ ਕਿ ਜੋ ਵੀ ਵਿਅਕਤੀ ਆਪਣੇ ਲਾਪਤਾ ਪਰਿਵਾਰਕ ਮੈਂਬਰ ਬਾਰੇ ਪਤਾ ਲਾਉਣਾ ਚਾਹੁੰਦਾ ਹੈ, ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0172-2219506 ਤੇ ਸੰਪਰਕ ਕਰੇ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਪ੍ਰਮੁੱਖ ਹਸਪਤਾਲਾਂ ਜਿਵੇਂ ਕਿ ਸਿਵਲ ਹਸਪਤਾਲ, ਫੋਰਟਿਸ, ਮੈਕਸ ਅਤੇ ਸੋਹਾਣਾ ਹਸਪਤਾਲਾਂ ਨੂੰ ਜ਼ਖਮੀਆਂ ਲਈ ਐਮਰਜੈਂਸੀ ਸੇਵਾਵਾਂ ਦੀ ਪੂਰਤੀ ਲਈ ਅਲਰਟ ‘ਤੇ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਲਬੇ ਵਿੱਚ ਫਸੇ ਇੱਕ-ਇੱਕ ਵਿਅਕਤੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਫਸੇ ਹੋਏ ਸਾਰੇ ਲੋਕਾਂ ਨੂੰ ਬਚਾਉਣ ਤੱਕ ਨਿਰੰਤਰ ਬਚਾਅ ਮੁਹਿੰਮ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਐੱਨ.ਡੀ.ਆਰ.ਐੱਫ. ਅਤੇ ਆਰਮੀ ਕੋਲ ਪਹਿਲਾਂ ਤੋਂ ਮੌਜੂਦ ਲੋੜੀਂਦੇ ਸਾਜ਼ੋ-ਸਾਮਾਨ ਅਤੇ ਮਸ਼ੀਨਰੀ ਦੇ ਨਾਲ ਸਥਾਨਕ ਤੌਰ ਤੇ ਲੋੜੀਂਦੀ ਮਸ਼ੀਨਰੀ ਵੀ ਉਪਲਬਧ ਕਰਵਾਈ ਗਈ ਹੈ।
ਸ੍ਰੀ ਵਿਰਾਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਚੱਲ ਰਹੇ ਬਚਾਅ ਕਾਰਜਾਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਫੋਨ ਤੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਪੀੜਤਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਇਲਾਵਾ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਵੀ ਬਚਾਅ ਕਾਰਜਾਂ ਦਾ ਨਿਰੀਖਣ ਕਰਨ ਲਈ ਮੌਕੇ ’ਤੇ ਮੌਜੂਦ ਸਨ।
ਪੰਜਾਬ ਦੇ ਡੀ ਜੀ ਪੀ, ਗੌਰਵ ਯਾਦਵ ਨੇ ਵੀ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਐਸਐਸਪੀ ਦੀਪਕ ਪਾਰੀਕ ਸਮੇਤ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਪੀੜਤਾਂ ਦੀ ਸੁਰੱਖਿਆ ਨੂੰ ਹਰ ਕੀਮਤ ‘ਤੇ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬਚਾਅ ਕਾਰਜ ਸਾਰੇ ਪੀੜਤਾਂ ਦੀ ਸੁਰੱਖਿਅਤ ਵਾਪਸੀ ਤੱਕ ਜਾਰੀ ਰਹੇਗਾ ਅਤੇ ਬਚਾਅ ਟੀਮਾਂ ਅਤੇ ਸਥਾਨਕ ਪੁਲਿਸ ਦੀ ਸਹਾਇਤਾ ਲਈ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ ਅਤੇ ਨਵਪ੍ਰੀਤ ਸਿੰਘ ਸ਼ੇਰਗਿੱਲ ਨੂੰ ਤਾਇਨਾਤ ਕੀਤਾ ਗਿਆ ਹੈ।