ਅਹਿਮਦਾਬਾਦ, 23 ਦਸੰਬਰ, ਦੇਸ਼ ਕਲਿੱਕ ਬਿਓਰੋ :
ਦੁਬਈ ਤੋਂ 13 ਕਰੋੜ ਰੁਪਏ ਦੀਆਂ ਘੜੀਆਂ ਖਰੀਦ ਕੇ ਲਿਆਉਣ ਵਾਲੇ ਪਤੀ ਪਤਨੀ ਨੂੰ ਅਹਿਮਾਦਬਾਦ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਰਾਜਸਥਾਨ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਪਤੀ ਪਤਨੀ ਦੁਬਈ ਤੋਂ 13 ਕਰੋੜ ਰੁਪਏ ਦੀਆਂ ਦੋ ਘੜੀਆਂ ਖਰੀਦ ਕੇ ਲਿਆਏ ਸਨ। ਜਦੋਂ ਸਰਦਾਰ ਵਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੇ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਸਲ ਵਿੱਚ ਦੋਵੇਂ ਪਤੀ ਪਤਨੀ ਅਲੱਗ ਅਲੱਗ ਫਲਾਈਟ ਰਾਹੀਂ ਅਹਿਮਾਦਾਬਾਦ ਪਹੁੰਚੇ ਸਨ। ਔਰਤ ਕੋਲੋਂ ਮਹਿੰਗੇ ਭਾਅ ਦੀਆਂ Audemars pigues royal oak ਅਤੇ Richard mille ਦੀਆਂ ਘੜੀਆਂ ਨੂੰ ਜ਼ਬਤ ਕੀਤਾ ਗਿਆ ਹੈ।
ਜਦੋਂ ਏਅਰਪੋਰਟ ਉਤੇ ਪਹੁੰਚੇ ਔਰਤ ਨੂੰ ਮਹਿੰਗੇ ਭਾਅ ਦੀਆਂ ਘੜੀਆਂ ਨਾਲ ਦੇਖਿਆ ਤਾਂ ਪੁੱਛਗਿੱਛ ਕਰਨ ਉਤੇ ਉਸਨੇ ਹਿਕਾ ਕਿ ਇਹ ਤਾਂ ਉਸ ਨੂੰ ਉਸਦੇ ਪਤੀ ਨੇ ਤੋਹਫੇ ਵਜੋਂ ਦਿੱਤੀਆਂ ਸਨ। ਜਦੋਂ ਉਸ ਤੋਂ ਉਸਦੇ ਪਤੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਦੂਜੀ ਫਲਾਈਟ ਵਿੱਚ ਆ ਰਹੇ ਹਨ।
ਅਧਿਕਾਰੀਆਂ ਮੁਤਾਬਕ ਔਰਤ ਦੇ ਪਤੀ ਨੂੰ ਉਸ ਸਮੇਂ ਫੜ੍ਹਿਆ ਗਿਆ, ਜਦੋਂ ਉਹ ਹਵਾਈ ਅੱਡੇ ਉਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਤੀ ਪਤਨੀ ਨੇ ਸ਼ੁਰੂਆਤ ਵਿੱਚ ਦਾਅਵਾ ਕੀਤਾ ਕਿ ਘੜੀਆਂ ਉਨ੍ਹਾਂ ਦੀਆਂ ਹਨ ਅਤੇ ਉਸਦੀ ਕੀਮਤ ਲਗਭਗ 1000 ਰੁਪਏ ਹੈ, ਜਦੋਂ ਉਨ੍ਹਾਂ ਨੂੰ ਬਿੱਲ ਦਿਖਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਕੋਲ ਬਿੱਲ ਨਹੀਂ ਸੀ।
ਅਧਿਕਾਰੀਆਂ ਨੇ ਜਦੋਂ ਸਾਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਘੜੀਆਂ ਨੂੰ ਰੱਖਣ ਵਾਲਾ ਕੇਸ ਵੀ ਮਿਲਿਆ। ਅਧਿਕਾਰੀਆਂ ਨੇ ਦੱਸਿਆ ਇਸ ਤੋਂ ਬਾਅਦ ਪਤੀ ਨੇ ਸਾਮਾਨ ਦੀ ਤਸਕਰੀ ਕਰਨ ਦੀ ਗੱਲ ਸਵੀਕਾਰ ਕੀਤੀ ਹੈ।