ਕੋਟਪੁਤਲੀ: 23 ਦਸੰਬਰ, ਦੇਸ਼ ਕਲਿੱਕ ਬਿਓਰੋ
ਕੋਟਪੁਤਲੀ-ਬਹਿਰੋਰ ਜ਼ਿਲ੍ਹੇ ਦੇ ਸਰੁੰਦ ਥਾਣਾ ਖੇਤਰ ਦੇ ਕੀਰਤਪੁਰਾ ਪਿੰਡ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਤਿੰਨ ਸਾਲ ਦੀ ਮਾਸੂਮ ਚੇਤਨਾ ਆਪਣੇ ਘਰ ਵਿੱਚ ਖੇਡਦੇ ਹੋਏ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ, ਜਿਸ ਤੋਂ ਬਾਅਦ ਤੁਰੰਤ ਐੱਸ.ਡੀ.ਆਰ.ਐੱਫ. ਦੀ ਟੀਮ ਮੌਕੇ ‘ਤੇ ਰਵਾਨਾ ਹੋ ਗਈ।
ਪਹਿਲਾਂ ਤਾਂ ਬੱਚੀ ਕਰੀਬ 15 ਫੁੱਟ ਦੀ ਡੂੰਘਾਈ ‘ਤੇ ਸੀ ਪਰ ਅਚਾਨਕ ਉਹ ਤਿਲਕ ਕੇ ਹੋਰ ਹੇਠਾਂ ਚਲੀ ਗਈ। ਜਾਣਕਾਰੀ ਅਨੁਸਾਰ- ਚੇਤਨਾ ਚੌਧਰੀ ਪੁੱਤਰੀ ਭੁਪਿੰਦਰ ਚੌਧਰੀ ਘਰ ਦੇ ਨੇੜੇ ਖੇਡ ਰਹੀ ਸੀ। ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ ਬੋਰਵੈੱਲ ਵਿੱਚ ਡਿੱਗ ਗਈ। ਬੋਰਵੈੱਲ ਨੇੜੇ ਜੇਸੀਬੀ ਨਾਲ ਖੁਦਾਈ ਸ਼ੁਰੂ ਕਰ ਦਿੱਤੀ ਗਈ ਹੈ।ਬੱਚੀ ਨੂੰ ਆਕਸੀਜਨ ਸਪਲਾਈ ਕਰਨ ਲਈ ਵਿਸ਼ੇਸ਼ ਉਪਕਰਨ ਲਗਾਏ ਗਏ ਹਨ ਅਤੇ ਬੋਰਵੈੱਲ ਵਿੱਚ ਕੈਮਰੇ ਲਗਾ ਕੇ ਉਸ ਦੀ ਹਾਲਤ ਦਾ ਪਤਾ ਲਗਾਇਆ ਜਾ ਰਿਹਾ ਹੈ। ਬੱਚੀ ਦੇ ਰੋਣ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ, ਜਿਸ ਕਾਰਨ ਉਸ ਦੇ ਸੁਰੱਖਿਅਤ ਹੋਣ ਦੀ ਉਮੀਦ ਹੈ।