ਬਠਿੰਡਾ, 25 ਦਸੰਬਰ, ਦੇਸ਼ ਕਲਿਕ ਬਿਊਰੋ :
ਪ੍ਰਸ਼ਾਸਨ ਨੇ ਬਠਿੰਡਾ ਦੀ ਇੱਕ ਗੱਚਕ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਇਹ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ। ਇਸ ਫੈਕਟਰੀ ਵਿੱਚ ਗੱਚਕ ਨੂੰ ਪੈਰਾਂ ਨਾਲ ਕੁਚਲ ਕੇ ਬਣਾਇਆ ਜਾ ਰਿਹਾ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆਇਆ।ਮਾਮਲਾ ਗੋਨਿਆਣਾ ਮੰਡੀ ਦਾ ਹੈ। ਜਾਣਕਾਰੀ ਮੁਤਾਬਕ ਇਕ ਸਮਾਜ ਸੇਵੀ ਨੇ ਫੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਵੀਡੀਓ ‘ਚ ਫੈਕਟਰੀ ‘ਚ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਗੱਚਕ ਬਣਾਈ ਜਾ ਰਹੀ ਸੀ ਅਤੇ ਮੂੰਗਫਲੀ ਨੂੰ ਪੈਰਾਂ ਨਾਲ ਕੁਚਲ ਕੇ ਛਿੱਲਿਆ ਜਾ ਰਿਹਾ ਸੀ।ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਮਗਰੋਂ ਹੈਲਥ ਇੰਸਪੈਕਟਰ ਨਵਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਫੈਕਟਰੀ ’ਤੇ ਛਾਪਾ ਮਾਰਿਆ ਗਿਆ। ਮੌਕੇ ਤੋਂ ਸਾਢੇ ਚਾਰ ਕੁਇੰਟਲ ਗੱਚਕ ਬਰਾਮਦ ਹੋਈ, ਜਿਸ ਨੂੰ ਸੀਲ ਕਰਕੇ ਸੈਂਪਲ ਲਏ ਗਏ।