ਜੈਪੁਰ, 25 ਦਸੰਬਰ, ਦੇਸ਼ ਕਲਿੱਕ ਬਿਓਰੋ :
ਰਾਜਸਥਾਨ ਦੇ ਕੋਟਾ ਤੋਂ ਇਕ ਭਾਵੁਕ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਕੋਟਾ ਵਿੱਚ ਇਕ ਵਿਅਕਤੀ ਨੇ ਆਪਣੀ ਬਿਮਾਰ ਪਤਨੀ ਦੀ ਦੇਖਭਾਲ ਕਰਨ ਵਾਸੇ ਨੌਕਰੀ ਤੋਂ ਤਿੰਨ ਸਾਲ ਪਹਿਲਾਂ ਸੇਵਾ ਮੁਕਤੀ ਲੈ ਲਈ, ਪ੍ਰੰਤੂ ਵਿਦਾਇਗੀ ਸਮਾਰੋਹ ਦੌਰਾਨ ਪਤਨੀ ਦੀ ਮੌਤ ਹੋ ਗਈ। ਕੋਟਾ ਵਿੱਚ ਸਰਕਾਰੀ ਅਧਿਕਾਰੀ ਪਤੀ ਨੇ ਆਪਣੀ ਸੇਵਾ ਮੁਕਤੀ ਤੋਂ ਤਿੰਨ ਸਾਲ ਪਹਿਲਾਂ ਆਪਣੀ ਬਿਮਾਰ ਪਤਨੀ ਦੀ ਸੇਵਾ ਲਈ ਵੀਆਰ ਐਸ ਲੈ ਲਈ। ਪ੍ਰੰਤੂ ਵੀਆਰਐਸ ਲੈਣ ਵਾਲੇ ਦਿਨ ਹੀ ਰਖੀ ਗਈ ਪਾਰਟੀ ਵਿੱਚ ਪਤਨੀ ਇਸ ਦੁਨੀਆਂ ਤੋਂ ਸਦਾ ਲਈ ਚਲੀ ਗਈ। ਪਾਰਟੀ ਦੌਰਾਨ ਅਚਾਨਕ ਪਤਨੀ ਕੁਰਸੀ ਉਤੇ ਬੈਠੇ ਬੈਠੇ ਬੇਹੋਸ਼ ਹੋ ਗਈ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦਾਦਾਬਾੜੀ ਖੇਤਰ ਦੇ ਰਹਿਣ ਵਾਲੇ ਦੇਵੇਂਦਰ ਕੁਮਾਰ ਸੈਂਟਰਲ ਵੇਅਰ ਹਾਊਸ ਵਿੱਚ ਬਤੌਰ ਮੈਨੇਜਰ ਦੇ ਅਹੁਦੇ ਉਤੇ ਕੰਮ ਕਰਦਾ ਸੀ। ਉਸਦੀ ਪਤਨੀ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਪਤੀ ਦੇਵੇਂਦਰ 3 ਸਾਲ ਬਾਅਦ ਸੇਵਾ ਮੁਕਤ ਹੋਣੇ ਸਨ, ਪ੍ਰੰਤੂ ਪਤਨੀ ਦੀ ਦੇਖਭਾਲ ਲਈ ਦੇਵੇਂਦਰ ਨੇ 3 ਸਾਲ ਪਹਿਲਾਂ ਹੀ ਸੇਵਾ ਮੁਕਤੀ ਲੈ ਲਈ। ਦੇਵੇਂਦਰ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਇਸ ਮੌਕੇ ਪਾਰਟੀ ਰੱਖੀ ਸੀ।