ਨਵੀਂ ਦਿੱਲੀ, 27 ਦਸੰਬਰ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਵੱਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਗਈ ਹੈ। ਡਾਕਟਰ ਮਨਮੋਹਨ ਸਿੰਘ ਦਾ ਬੀਤੇ ਰਾਤ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਉਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਦੁੱਖ ਪ੍ਰਗਟਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਇਤਿਹਾਸ ਹਮੇਸ਼ਾ ਉਨ੍ਹਾਂ ਨੂੰ ਮਹਾਨ ਅਰਥ ਸ਼ਾਸਤਰੀ ਅਤੇ ਇਮਾਨਦਾਰ ਆਗੂ ਦੇ ਰੂਪ ਵਿੱਚ ਯਾਦ ਕਰੇਗਾ। ਮੈਂ ਆਪਣੇ ਅਤੇ ਆਪਣੀ ਪਾਰਟੀ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਰੀਫ ਕਰਦੇ ਹੋਏ ਭਾਰਤ ਰਤਨ ਦੇਣ ਦੀ ਪੈਰਵੀ ਕੀਤੀ। ਸੰਜੇ ਸਿੰਘ ਨੇ ਕਿਹਾ ਕਿ ਨਿਸ਼ਚਿਤ ਤੌਰ ਉਤੇ ਡਾਕਟਰ ਮਨਮੋਹਨ ਸਿੰਘ ਇਸ ਯੋਗ ਹਨ ਕਿ ਉਨ੍ਹਾਂ ਨੂੰ ਭਾਰਤ ਰਤਨ ਮਿਲਣਾ ਹੀ ਚਾਹੀਦਾ ਹੈ। ਉਨ੍ਹਾਂ 10 ਸਾਲ ਪ੍ਰਧਾਨ ਮੰਤਰੀ ਵਜੋਂ ਦੇਸ਼ ਨੂੰ ਅੱਗੇ ਵਧਾਉਣ ਲਈ ਬਹੁਤ ਕੰਮ ਕੀਤਾ। ਇਕ ਅਰਥਸ਼ਾਸਤਰੀ ਵਜੋਂ ਉਨ੍ਹਾਂ ਦੀ ਪਹਿਚਾਣ ਪੂਰੀ ਦੁਨੀਆਂ ਵਿੱਚ ਸੀ। ਇਕ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਬਹੁਤ ਸਨਮਾਨ ਸੀ ਪੂਰੀ ਦੁਨੀਆਂ ਵਿੱਚ। ਉਨ੍ਹਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ।