ਸੋਹਾਣਾ ਤੋਂ ਬਾਅਦ ਮੌਲੀ ਬੈਦਵਾਨ ‘ਚ ਵਾਪਰਿਆ ਹਾਦਸਾ
6ਵੀਂ ਮੰਜ਼ਲ ਤੋਂ ਗਰਿੱਲ ਡਿੱਗਣ ਨਾਲ 12 ਸਾਲਾ ਬੱਚੇ ਦੀ ਮੌਤ
ਮੋਹਾਲੀ: 6 ਜਨਵਰੀ, ਦੇਸ਼ ਕਲਿੱਕ ਬਿਓਰੋ
ਕੁਝ ਦਿਨ ਪਹਿਲਾਂ ਪਿੰਡ ਸੋਹਾਣਾ ਵਿੱਚ ਡਿੱਗੀ ਚਾਰ ਮੰਜ਼ਿਲਾ ਇਮਾਰਤ ‘ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਅੱਜ ਇੱਥੋਂ ਦੋ ਕਿਲੋਮੀਟਰ ਦੂਰ ਪਿੰਡ ਮੌਲੀ ਬੈਦਵਾਨ ਵਿੱਚ ਇੱਕ ਛੇ ਮੰਜ਼ਿਲਾ ਇਮਾਰਤ ਤੋਂ ਗਰਿੱਲ ਡਿੱਗਣ ਕਾਰਨ 12 ਸਾਲਾ ਅਸ਼ੀਸ਼ ਨਾਂ ਦੇ ਬੱਚੇ ਦੀ ਜਾਨ ਚਲੀ ਗਈ ਅਤੇ ਦੋ ਬੱਚੇ ਅਭਿਸ਼ੇਕ ਤੇ ਦ੍ਰਿਸ਼ਟੀ ਵਰਮਾ ਗਰਿੱਲ ਦੇ ਨੀਚੇ ਦਬੇ ਹੋਏ ਕੱਢ ਲਏ ਗਏ ਹਨ। ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਦੇ ਮਾਤਾ ਪਿਤਾ ਬਾਹਰ ਦਿਹਾੜੀ ਕਰਨ ਗਏ ਹੋਏ ਸਨ ਤਾਂ ਉਸ ਸਮੇਂ ਹੇਠਾਂ ਖੇਡ ਰਹੇ ਬੱਚੇ ਉੱਤੇ ਗਰਿੱਲ ਡਿੱਗ ਪਈ ਜਿਸ ਨੂੰ ਚੁੱਕ ਕੇ ਤੁਰੰਤ ਸੋਹਾਣਾ ਹਸਪਤਾਲ ਵਿੱਚ ਪਹੁੰਚਾਇਆ ਗਿਆ ਪਰ ਉਥੇ ਜਾਂਦਿਆਂ ਹੀ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਮਾਤਾ ਪਿਤਾ ਨੇ ਮਕਾਨ ਮਾਲਕ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਤਾ ਲੱਗਾ ਹੈ ਕਿ ਨਗਰ ਨਿਗਮ ਮੋਹਾਲੀ ਵੱਲੋਂ ਪਿੰਡ ਸੋਹਾਣਾ, ਮਟੌਰ ਅਤੇ ਕਾਰਪੋਰੇਸ਼ਨ ਵਿੱਚ ਪੈਂਦੇ ਦੂਜੇ ਪਿੰਡਾਂ ਵਿੱਚ ਬਿਨਾਂ ਨਕਸ਼ੇ ਤੋਂ ਬਣਾਈਆਂ ਬਿਲਡਿੰਗਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਪਰ ਪਿੰਡ ਮੌਲੀ ਬੈਦਵਾਨ ਨਗਰ ਨਿਗਮ ਦੀ ਹੱਦ ਵਿੱਚ ਨਹੀਂ ਆਉਂਦਾ।ਜਿਸ ਕਾਰਨ ਇੱਥੇ ਬਣਾਈਆਂ ਜਾ ਰਹੀਆਂ ਬਿਨਾਂ ਮਨਜ਼ੂਰੀ ਤੋਂ ਬਣਾਈਆਂ ਜਾ ਰਹੀਆਂ ਇਮਰਤਾਂ ਨੂੰ ਰੋਕਣ ਦੀ ਜਿੰਮੇਵਾਰੀ ਗਮਾਡਾ ਦੀ ਹੈ। ਨਗਰ ਨਿਗਮ ਵਿੱਚ ਪਿੰਡ ਕੁੰਬੜਾ, ਸੋਹਾਣਾ, ਮਟੌਰ, ਮੁਹਾਲੀ, ਸ਼ਾਹੀਮਾਜਰਾ ਤੇ ਮਦਨਪੁਰਾ ਆਉਂਦੇ ਹਨ। ਕਾਰਪੋਰੇਸ਼ਨ ਅਜਿਹੀਆਂ ਬਿਲਡਿੰਗਾਂ ਖਿਲਾਫ ਕਾਰਵਾਈ ਕਰਨ ਵਿੱਚ ਸਖਤੀ ਵਰਤ ਰਹੀ ਹੈ। ਪਤਾ ਲੱਗਾ ਹੈ ਕਿ ਕਾਰਪੋਰੇਸ਼ਨ ਵੱਲੋਂ ਹੁਣ ਤੱਕ ਅਜਿਹੇ ਮਾਲਕਾਂ ਨੂੰ 35 ਤੋਂ ਵੱਧ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ।