ਹੁਕਮਨਾਮਾ ਮੰਨਣਾ ਹੈ ਜਾਂ ਧਰਮ ਨਿਰਪੱਖਤਾ ਦੀ ਸੰਵਿਧਾਨਕ ਧਾਰਾ ?
ਅਕਾਲੀ ਦਲ ਦੀ ਵਰਕਿੰਗ ਕਮੇਟੀ ਕਰੇਗੀ ਅੱਜ ਵੱਡਾ ਫੈਸਲਾ
ਚੰਡੀਗੜ੍ਹ: 10 ਜਨਵਰੀ, ਦੇਸ਼ ਕਲਿੱਕ ਬਿਓਰੋ
ਅਕਾਲ ਤਖਤ ਦਾ ਦੋ ਦਸੰਬਰ ਦਾ ਹੁਕਮਨਾਮਾ ਮੰਨਣਾ ਹੈ ਜਾਂ ਭਾਰਤੀ ਸੰਵਿਧਾਨ ‘ਚ ਦਰਜ ਪਾਰਟੀ ਦੀ ਧਰਮ ਨਿਰਪੱਖਤਾ ਦਾ ਅਸੂਲ, ਅੱਜ ਤਿੰਨ ਵਜੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਲਈ ਇਹ ਇੱਕ ਵੱਡਾ ਧਰਮ ਸੰਕਟ ਹੈ। ਇਹ ਇਮਤਿਹਾਨ ਦੀ ਘੜੀ ਹੈ ਕਿ ਪਾਰਟੀ ਅਕਾਲ ਨੂੰ ਸਮਰਪਿਤ ਰਹਿੰਦੀ ਹੈ ਜਾਂ ਭਾਰਤੀ ਸੰਵਿਧਾਨ ਦੇ ਚੋਣ ਕਮਿਸ਼ਨ ਦੀ ਖਿੱਚੀ ਹੋਈ ਧਰਮ ਨਿਰਪੱਖਤਾ ਦੀ ਲਛਮਣ ਰੇਖਾ ਦਾ ਪਾਲਣ ਕਰਦੀ ਹੈ। ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਸਿੰਘ ਸਹਿਬਾਨ ਨੇ ਅਕਾਲੀ ਲੀਡਰਸ਼ਿਪ ਨੂੰ ਤਿੰਨ ਦਿਨਾਂ ਅੰਦਰ ਅਸਤੀਫੇ ਪ੍ਰਵਾਨ ਕਰਕੇ ਅਕਾਲ ਤਖਤ ਨੂੰ ਭੇਜਣ ਤੇ 6 ਮੈਂਬਰੀ ਕਮੇਟੀ ਬਣਾ ਕੇ (ਬਾਅਦ ‘ਚ 7 ਮੈਂਬਰੀ) ਅਕਾਲੀ ਦਲ ਦੀ ਚੋਣ ਲਈ ਮੈਂਬਰਸ਼ਿਪ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਸੀ ਪਰ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ।
ਇਸ ਤੋਂ ਬਾਅਦ ਪਾਰਟੀ ਨੇਤਾਵਾਂ ਨੇ ਪਹਿਲਾਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨਾਲ ਮਾਛੀਵਾੜਾ ਗੁਰਦਵਾਰਾ ਸਾਹਿਬ ‘ਚ ਮੀਟਿੰਗ ਕਰਕੇ ਅਸਤੀਫਿਆਂ ਦੀ ਮੋਹਲਤ 20 ਦਿਨ ਹੋਰ ਵਧਾ ਲਈ ਸੀ ਤੇ ਹੁਣ ਪਰਸੋਂ ਫੇਰ ਮੀਟਿੰਗ ਕਰਕੇ ਦੱਸਿਆ ਕਿ ਚੋਣ ਕਮਿਸ਼ਨ ਧਰਮ ਨਿਰਪੱਖ ਪਾਰਟੀਆਂ ਨੂੰ ਹੀ ਚੋਣ ਲੜਣ ਦੀ ਇਜ਼ਾਜ਼ਤ ਦਿੰਦਾ ਹੈ ਅਤੇ ਜੇਕਰ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨ ਕੇ 7 ਮੈਂਬਰੀ ਕਮੇਟੀ ਦੀ ਅਗਵਾਈ ‘ਚ ਮੈਂਬਰਸ਼ਿਪ ਕੱਟ ਕੇ ਚੋਣ ਕਰਦਾ ਹੈ ਤਾਂ ਇਸ ਤਰ੍ਹਾਂ ਪਾਰਟੀ ਦੀ ਰਜਿਸਟ੍ਰੇਸ਼ਨ ਕੈਂਸਲ ਹੋ ਸਕਦੀ ਹੈ। ਅਜਿਹਾ ਵਿਚਾਰ ਅਕਾਲੀ ਨੇਤਾਵਾਂ ਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ 7 ਮੈਂਬਰੀ ਕਮੇਟੀ ਦੇ ਪ੍ਰਧਾਨ ਵੀ ਹਨ, ਨੇ ਵੀ ਜਥੇਦਾਰ ਸਾਹਿਬ ਨਾਲ ਸਾਂਝੇ ਕੀਤੇ ਹਨ। ਪਰ ਇਸ ਦੇ ਬਾਵਜੂਦ ਕੁਝ ਦਿਨ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਸੀ ਕਿ ਅਕਾਲੀ ਦਲ ਇਧਰਲੀਆਂ ਉਧਰਲੀਆਂ ਗੱਲਾਂ ਕਰਨੀਆਂ ਛੱਡ ਕੇ ਤੁਰੰਤ ਅਸਤੀਫੇ ਪ੍ਰਵਾਨ ਕਰੇ।
ਉੱਧਰ ਅਕਾਲੀ ਨੇਤਾ ਸ਼. ਦਲਜੀਤ ਸਿੰਘ ਚੀਮਾ ਨੇ ਪ੍ਰੈਸ ‘ਚ ਕਈ ਵਾਰ ਕਹਿ ਦਿੱਤਾ ਕਿ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਉਨ੍ਹਾਂ ਦੀ ਦਲੀਲ ਨਾਲ ਸਹਿਮਤ ਹੋ ਗਏ ਹਨ ਅਤੇ ਹੁਣ ਅਕਾਲੀ ਦਲ ਅੱਜ ਦੀ ਮੀਟਿੰਗ ‘ਚ ਵਰਕਿੰਗ ਕਮੇਟੀ ਦੀ ਅਗਵਾਈ ‘ਚ ਅਕਾਲੀ ਦਲ ਦੀ ਮੈਂਬਰਸ਼ਿਪ ਸ਼ੁਰੂ ਕਰੇਗਾ। ਉਨ੍ਹਾਂ ਦੀ ਗੱਲ ਤੋਂ ਸਪੱਸ਼ਟ ਹੈ ਕਿ ਪਾਰਟੀ ਸ. ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕਰੇਗੀ।
ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਮਾਘੀ ਮੇਲੇ ‘ਤੇ ਪੂਰੇ ਜੋਸ਼ੋ ਖਰੋਸ਼ ਨਾਲ ਅਕਾਲੀ ਵਰਕਰਾਂ ਦੀਆਂ ਮੀਟਿੰਗਾਂ ਕਰਵਾ ਕੇ ਮਾਘੀ ਮੇਲੇ ‘ਤੇ ਸਭ ਤੋਂ ਵੱਡੀ ਕਾਨਫਰੰਸ ਕਰਨ ਦਾ ਐਲਾਨ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ, ਅਨੁਸਾਰ, ਪਹਿਲਾਂ ਅਕਾਲੀ ਦਲ ਆਰਾਮ ਕਰ ਰਿਹਾ ਸੀ, ਹੁਣ ਅਕਾਲੀ ਦਲ ਜਾਗ ਪਿਆ ਹੈ ਹੁਣ ਅਕਾਲੀ ਦਲ ਨੂੰ ਖਤਮ ਕਰਨ ਲਈ ਰਚੀਆਂ ਜਾ ਰਹੀਆਂ ਸਾਜ਼ਿਸਾਂ ਨੂੰ ਭਾਂਜ ਦੇਣ ਦਾ ਸਮਾ ਆ ਗਿਆ ਹੈ। ਉਨ੍ਹਾਂ ਨੇ ਮਾਘੀ ਮੇਲੇ ਤੇ ਨਵੀਂ ਅਕਾਲੀ ਪਾਰਟੀ ਬਣਾਉਣ ਵਾਲਿਆਂ ਨੂੰ ਦਿੱਲੀ ਦਰਬਾਰ ਦੀ ਸਾਜ਼ਿਸ ਕਹਿੰਦਿਆਂ ਵਰਕਰਾਂ ਨੂੰ ਵੱਧ ਤੋਂ ਵੱਧ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੁਕਤਸਰ ਸਾਹਿਬ ਵਾਲਿਆਂ ਨੂੰ 100 ਤੇ ਬਾਹਲਿਆਂ ਨੂੰ 10-10 ਬੱਸਾਂ ਲਿਆਉਣ ਲਈ ਕਿਹਾ ਹੈ।
ਉਪਰਲੀ ਸਥਿਤੀ ਨੂੰ ਦੇਖਦਿਆਂ ਹਾਲਾਤ ਬੜੇ ਟਕਰਾਵੇਂ ਬਣ ਗਏ ਹਨ। ਉਧਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਖਿਲਾਫ ਸ੍ਰੋਮਣੀ ਗੁਰਦਵਾਰਾ ਕਮੇਟੀ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ ਹੈ। ਉਹਨਾਂ ਸਾਫ ਸ਼ਬਦਾਂ ਵਿੱਚ ਕਹੱ ਗਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਅਕਾਲ ਤਖਤ ਦੇ ਇਧਿਕਾਰ ਖੇਤਰ ਵਿੱਚ ਦਖਲ ਨਹੀਂ ਦੇ ਸਕਦੀ। ਅਹ ਫੈਸਲਾ ਸਿਰਫ ਅਕਾਲ ਤਖਤ ਹੀ ਕਰ ਸਕਦਾ ਹੈ। ਅਜਿਹੀ ਹਾਲਤ ‘ਚ ਅੱਜ ਵਰਕਿੰਗ ਕਮੇਟੀ ਕੀ ਫੈਸਲਾ ਲੈਂਦੀ ਹੈ? ਇਹ ਪਾਰਟੀ ਲਈ ਇਮਤਿਹਾਨ ਦੀ ਘੜੀ ਹੈ ਕਿ ਉਹ ਅਕਾਲ ਤਖਤ ਦੇ ਹੁਕਮਨਾਮੇ ਤੋਂ ਭਗੌੜੀ ਹੁੰਦੀ ਹੈ ਜਾਂ ਕੋਈ ਹੋਰ ਰਾਹ ਕੱਢੇਗੀ।