ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ ਪੰਜਾਬ ਦੇ ਲੋਕਾਂ ਲਈ ਵਰਦਾਨ: ਡਾ ਲਹਿੰਬਰ ਰਾਮ
ਮਨੁੱਖਤਾ ਦੇ ਨਾਤੇ ਜਖਮੀਆਂ ਨੂੰ ਬਿਨ੍ਹਾਂ ਕਿਸੇ ਡਰ ਜਾਂ ਝਿਜਕ ਦੇ ਨੇੜੇ ਦੀ ਸਿਹਤ ਸੰਸਥਾ ਵਿੱਚ ਪਹੁੰਚਾਓl ਡਾ ਲਹਿੰਬਰ ਰਾਮ
ਫਾਜਿਲਕਾ 10 ਜਨਵਰੀ
ਪੰਜਾਬ ਸਰਕਾਰ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਣ ਕਾਰਨ ਮੌਤਾਂ ਨੂੰ ਘਟਾਉਣ ਅਤੇ ਉਪਲਬਧ ਸਰਕਾਰੀ/ਪੈਨਲ ਪ੍ਰਾਈਵੇਟ ਹਸਪਤਾਲਾਂ ਵਿੱਚ ਜਲਦੀ, ਸੁਵਿਧਾ ਜਨਕ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਲਹਿੰਬਰ ਰਾਮ ਨੇ ਦੱਸਿਆ ਕਿ ਸਰਕਾਰ ਵੱਲੋਂ ਮਨੁੱਖੀ ਜਾਨਾਂ ਬਚਾਉਣ ਲਈ ਕੀਤਾ ਗਿਆ ਇਹ ਉਪਰਾਲਾ ਕਈ ਅਨਮੋਲ ਜਾਨਾਂ ਬਚਾਉਣ ਵਿੱਚ ਸਹਾਈ ਹੋ ਰਿਹਾ ਹੈ। ਉਹਨਾਂ ਕਿਹਾ ਕਿ ਹਸਪਤਾਲਾਂ ਅਤੇ ਪੁਲਿਸ ਦੀ ਪੁੱਛ ਗਿੱਛ ਤੋਂ ਬਚਣ ਲਈ ਲੋਕ ਜਖਮੀ ਵਿਅਕਤੀਆਂ ਨੂੰ ਲੈ ਕੇ ਜਾਣ ਵਿੱਚ ਝਿਜਕਦੇ ਸਨ, ਜਿਸ ਕਰਕੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਸਨ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਫਰਿਸ਼ਤੇ ਸਕੀਮ ਅਧੀਨ ਸੂਬੇ ਦੇ 384 ਹਸਪਤਾਲਾਂ ਨੂੰ ਇਮਪੈਨਲਡ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 146 ਸਰਕਾਰੀ ਅਤੇ 238 ਪ੍ਰਾਈਵੇਟ ਹਸਪਤਾਲ ਸ਼ਾਮਲ ਹਨ। ਉਹਨਾਂ ਕਿਹਾ ਕਿ ਜਿਲ੍ਹਾ ਫਾਜਿਲਕਾ ਵਿੱਚ 6 ਸਰਕਾਰੀ ਅਤੇ 3 ਪ੍ਰਾਈਵੇਟ (ਲੂਨਾ ਹਸਪਤਾਲ ਅਬੋਹਰ, ਗੁਪਤਾ ਹਸਪਤਾਲ ਫਾਜਿਲਕਾ ਅਤੇ ਅਰੋੜਾ ਆਰਥੋ ਹਸਪਤਾਲ ਫਾਜਿਲਕਾ) ਇਸ ਸਕੀਮ ਅਧੀਨ ਸੂਚੀਬੱਧ ਹਨ। ਉਹਨਾਂ ਕਿਹਾ ਕਿ ਅਜਿਹੇ @ਫਰਿਸ਼ਤੇ@ ਜੋ ਆਮ ਲੋਕਾਂ ਨੂੰ ਦੁਰਘਟਨਾ ਪੀੜਤਾਂ ਦੀ ਮੱਦਦ ਲਈ ਅੱਗੇ ਆਉਣ ਅਤੇ ਉੋਹਨਾਂ ਦੀਆਂ ਜਾਨਾਂ ਬਚਾਉਣ ਲਈ ਪ੍ਰੇਰਿਤ ਕਰਦੇ ਹਨ, ਨੂੰ ਕਾਨੂੰਨੀ ਉਲਝਣਾਂ ਅਤੇ ਪੁਲਿਸ ਪੁੱਛਗਿੱਛ ਤੋਂ ਛੋਟ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਨਕਦ ਇਨਾਮਾਂ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਫਰਿਸ਼ਤੇ ਪ੍ਰਣਾਲੀ ਦੇ ਤਹਿਤ, ਜ਼ਖਮੀ ਵਿਅਕਤੀਆਂ ਨੁੰ ਹਸਪਤਾਲਾਂ ਤੱਕ ਪਹਿੁਚਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਦੁਆਰਾ @ਫਰਿਸ਼ਤਾ@ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ 2000 ਰੁਪਏ ਦਾ ਇਨਾਮ ਵੀ ਦਿੱਤਾ ਜਾਂਦਾ ਹੈ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉਤਮ ਕਾਰਜ ਹੈ। ਇਸ ਲਈ ਜੇਕਰ ਕਿਸੇ ਨਾਗਰਿਕ ਦੇ ਸਾਹਮਣੇ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਹ ਬਿਨਾਂ ਕਿਸੇ ਡਰ ਜਾਂ ਝਿਜਕ ਤੋਂ ਜ਼ਖਮੀਆਂ ਦੀ ਮਦਦ ਕਰਨ ਲਈ ਅੱਗੇ ਆਉਣ। ਅਜਿਹਾ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਲਈ ਸਮੂਹ ਨਾਗਰਿਕ ਆਪਣੀ ਸਮਾਜਿਕ ਜੁੰਮੇਵਾਰੀ ਸਮਝ ਕੇ ਸੜਕ ਹਾਦਸਿਆਂ ਦੇ ਜ਼ਖ਼ਮੀਆਂ ਦੀ ਜਾਨ ਬਚਾਉਣ ਲਈ ਅੱਗੇ ਆਉਣ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਪਲਜ਼ ਮੋਬਾਇਲ ਐਪ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਸੜਕ ਹਾਦਸਿਆਂ ਦੇ ਮਾਮਲੇ ਵਿੱਚ ਨਜ਼ਦੀਕੀ ਹਸਪਤਾਲਾਂ ਦਾ ਪਤਾ ਲਗਾਉਣ ਅਤੇ ਪੀੜਤ ਨੂੰ ਸਮੇਂ ਸਿਰ ਹਸਪਤਾਲ ਲਿਜਾ ਸਕਣਗੇ। ਉਹਨਾਂ ਕਿਹਾ ਕਿ 108 ਅਤੇ 112 ਨੰਬਰ ਤੇ ਫੋਨ ਕਰਕੇ ਐਂਬੂਲੈਂਸ ਅਤੇ ਐਸ ਐਸ ਐਫ਼ (ਪੁਲਿਸ ਵਿਭਾਗ) ਦੀ ਸਹਾਇਤਾ ਵੀ ਪ੍ਰਾਪਤ ਕਰ ਸਕਦੇ ਹੋ।