ਭਾਰਤੀ ਸੰਵਿਧਾਨ ਅਤੇ ਕਾਨੂੰਨ ਔਰਤ ਦੀ ਸੁਰੱਖਿਆ ਅਤੇ ਨਿਆਂ ਦੇ ਪਹਿਰੇਦਾਰ-ਜੱਜ ਰਾਜਵਿੰਦਰ ਕੌਰ
ਮਾਨਸਾ, 10 ਜਨਵਰੀ : ਦੇਸ਼ ਕਲਿੱਕ ਬਿਓਰੋ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਐਚ.ਐਸ.ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ‘ਸੰਵਿਧਾਨ ਸੇ ਸਮਾਧਾਨ-ਲੀਗਲ ਅਵੇਰਨੈੱਸ ਪ੍ਰੋਗਰਾਮ ਫਾਰ ਵੂਮੈਨਜ਼’ ਅਧੀਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ਵਿੱਚ ਹਾਜ਼ਰ ਕਾਲਜ ਵਿਦਿਆਰਥਣਾਂ ਅਤੇ ਸਟਾਫ ਨੂੰ ਸੰਬੋਧਨ ਕਰਦਿਆਂ ਸਿਵਲ ਜੱਜ (ਸੀਨੀਅਰ ਡਵੀਜ਼ਨ) ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਮਿਸ. ਰਾਜਵਿੰਦਰ ਕੌਰ ਨੇ ਕਿਹਾ ਭਾਰਤੀ ਸੰਵਿਧਾਨ ਅਤੇ ਇਸ ਦੇ ਅੰਤਰਗਤ ਬਣੇ ਹੋਰ ਕਾਨੂੰਨ ਔਰਤ ਦੀ ਸੁਰੱਖਿਆ ਅਤੇ ਨਿਆਂ ਦੇ ਪਹਿਰੇਦਾਰ ਹਨ। ਉਨ੍ਹਾਂ ਦੱਸਿਆ ਕਿ ਨਿਆਂ ਹਾਸਲ ਕਰਨ ਲਈ ਪੀੜਤ ਔਰਤਾਂ ਨੂੰ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਦਦ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਮੇਸ਼ਾ ਹੀ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਪ੍ਰੋਟੈਕਸ਼ਨ ਆਫ ਵੂਮੈਨ ਫਰਾਮ ਡੋਮੈਸਟਿਕ ਵਾਇਲੈਂਸ ਐਕਟ ਅਤੇ ਨਵੇਂ ਬਣੇ ਕਾਨੂੰਨ ਭਾਰਤੀ ਨਿਆਂ ਸੰਹਿਤਾ 2024 ਦੇ ਹਵਾਲਿਆਂ ਨਾਲ ਵਿਸਥਾਰ ਸਹਿਤ ਕਾਨੂੰਨੀ ਜਾਣਕਾਰੀ ਦਿੱਤੀ।
ਇਸ ਮੌਕੇ ਬੋਲਦਿਆਂ ਸੀਨੀਅਰ ਐਡਵੋਕੇਟ ਸ਼੍ਰੀ ਬਲਵੰਤ ਭਾਟੀਆ ਨੇ ਕਿਹਾ ਕਿ ਕਾਨੂੰਨ ਦੀ ਕੋਡੀਫਿਕੇਸ਼ਨ, ਭਾਰਤੀ ਸੰਵਿਧਾਨ ਦੀ ਰਚਨਾ ਅਤੇ ਇਸ ਦੇ ਫਲਸਰੂਪ ਬਣੇ ਕਾਨੂੰਨਾਂ ਨੇ ਭਾਰਤੀ ਔਰਤ ਨੂੰ ਕੇਵਲ ਸਮਾਜਿਕ, ਆਰਥਿਕ ਆਜ਼ਾਦੀ ਹੀ ਨਹੀਂ ਦਿੱਤੀ ਬਲਕਿ ਉਸ ਦੀ ਸੁਰੱਖਿਆ ਲਈ ਬਹੁਤ ਸਾਰੀਆਂ ਵਿਵਸਥਾਵਾਂ ਕੀਤੀਆਂ ਹਨ। ਉਨ੍ਹਾਂ ਇਨ੍ਹਾਂ ਵਿਵਸਥਾਵਾਂ ਦਾ ਵਿਸਥਾਰ ਸਹਿਤ ਹਵਾਲਾ ਦਿੱਤਾ।
ਰਿਸੋਰਸ ਪਰਸਨ ਡਾ. ਸ਼ੀਤਲ ਬਜਾਜ ਨੇ ਵਿਵਹਾਰ ਵਿੱਚ ਔਰਤਾਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਵਿਸਥਾਰ ਸਹਿਤ ਜਿਕਰ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਨੂਪ ਸਿੰਘ, ਡਾ. ਰਿਸ਼ੀ, ਰਮਨਦੀਪ ਕੌਰ, ਅਨੁ ਪੁਰੀ ਮੌਜੂਦ ਸਨ।