ਅਮਰੀਕਾ ਦੇ ਕੈਲੀਫੋਰਨੀਆ ‘ਚ ਲੱਗੀ ਅੱਗ ਕਾਰਨ 24 ਲੋਕਾਂ ਦੀ ਮੌਤ, 16 ਲਾਪਤਾ
ਵਾਸਿੰਗਟਨ, 13 ਜਨਵਰੀ, ਦੇਸ਼ ਕਲਿਕ ਬਿਊਰੋ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਲੱਗੀ ਅੱਗ ‘ਚ 24 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਆਸਟ੍ਰੇਲੀਅਨ ਟੀਵੀ ਅਦਾਕਾਰ ਰੋਰੀ ਸਾਈਕਸ ਵੀ ਸ਼ਾਮਲ ਹੈ। ਪਿਛਲੇ 7 ਦਿਨਾਂ ਤੋਂ ਲੱਗੀ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਈਟਨ ਅਤੇ ਪਾਲੀਸਾਡੇਸ ਵਿੱਚ 16 ਲੋਕ ਲਾਪਤਾ ਦੱਸੇ ਗਏ ਹਨ।
ਐਤਵਾਰ ਨੂੰ ਲਾਸ ਏਂਜਲਸ ਵਿੱਚ ਹਵਾ ਦੀ ਰਫ਼ਤਾਰ ਥੋੜ੍ਹੀ ਘਟੀ। ਇਸ ਨਾਲ ਬਚਾਅ ਕਰਮਚਾਰੀਆਂ ਨੂੰ ਅੱਗ ‘ਤੇ ਕਾਬੂ ਪਾਉਣ ‘ਚ ਮਦਦ ਮਿਲੀ। ਹਾਲਾਂਕਿ ਦੇਰ ਰਾਤ ਤੱਕ ਤੇਜ਼ ਹਵਾਵਾਂ ਦੇ ਮੁੜ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਲਾਸ ਏਂਜਲਸ ਦੇ ਦੋ ਜੰਗਲਾਂ ਵਿੱਚ ਲੱਗੀ ਅੱਗ ਨੂੰ ਜਲਦੀ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ।
ਅੱਗ 40 ਹਜ਼ਾਰ ਏਕੜ ਰਕਬੇ ‘ਚ ਫੈਲ ਗਈ ਹੈ।ਕਾਉਂਟੀ ਦੇ ਸਾਰੇ ਲੋਕਾਂ ਨੂੰ ਅਗਾਊਂ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਵੀ ਸਮੇਂ ਆਪਣੇ ਘਰ ਖਾਲੀ ਕਰਨ ਲਈ ਕਿਹਾ ਜਾ ਸਕਦਾ ਹੈ।