ਮੋਹਾਲੀ: ਸੋਹਾਣਾ ਤੋਂ ਬਾਅਦ ਵਾਪਰਿਆ ਤੀਜਾ ਹਾਦਸਾ
ਟੀਡੀਆਈ ਸਿਟੀ ’ਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਇੱਕ ਦੀ ਮੌਤ ਅਤੇ ਇੱਕ ਜ਼ਖ਼ਮੀ
ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਫਸੇ ਦੋਵਾਂ ਵਿਅਕਤੀਆਂ ਨੂੰ ਬਾਹਰ ਕੱਢਿਆ
ਐਸਡੀਐਮ ਮੁਹਾਲੀ ਅਤੇ ਡੀਐਸਪੀ ਖਰੜ ਨੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ
ਪ੍ਰਸ਼ਾਸਨ ਲੈਂਟਰ ਗਿਰਨ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਰੇਗਾ ਜਾਂਚ
ਮੋਹਾਲੀ, 13 ਜਨਵਰੀ, 2025: ਦੇਸ਼ ਕਲਿੱਕ ਬਿਓਰੋ
ਅੱਜ ਸ਼ਾਮ 4:30 ਵਜੇ ਦੇ ਕਰੀਬ ਟੀ.ਡੀ.ਆਈ ਸਿਟੀ, ਮੋਹਾਲੀ, ਏਅਰਪੋਰਟ ਰੋਡ ‘ਤੇ ਇੱਕ ਸ਼ੋਅਰੂਮ ਦੀ ਛੱਤ ਦਾ ਲੈਂਟਰ ਡਿੱਗਣ ਕਾਰਨ ਵਾਪਰੀ ਇੱਕ ਦਰਦਨਾਕ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖਮੀ ਹੋ ਗਿਆ। ਇਹ ਜਾਣਕਾਰੀ ਅੱਜ ਦੇਰ ਸ਼ਾਮ ਇੱਥੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਜਿਵੇਂ ਹੀ ਲੈਂਟਰ ਡਿੱਗਣ ਦੀ ਸੂਚਨਾ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਤੁਰੰਤ ਐਸ.ਡੀ.ਐਮ ਦਮਨਦੀਪ ਕੌਰ ਅਤੇ ਡੀਐਸਪੀ ਖਰੜ-1 ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਦੌਰਾਨ ਲੈਂਟਰ ਦੇ ਹੇਠਾਂ ਫਸੇ ਦੋ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਤੁਰੰਤ ਸਿਵਲ ਹਸਪਤਾਲ ਫੇਜ਼ 6 ਵਿਖੇ ਪਹੁੰਚਾਇਆ ਗਿਆ। ਬਦਕਿਸਮਤੀ ਨਾਲ, ਡਾਕਟਰਾਂ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਅਤਿ ਨਾਜ਼ੁਕ ਤੇ ਬੇਹੋਸ਼ੀ ਦੀ ਹਾਲਤ ਵਿੱਚ ਲਿਜਾਇਆ ਗਿਆ ਸੀ ਜਦਕਿ ਦੂਜੇ ਦਾ ਉੱਥੇ ਇਲਾਜ ਚੱਲ ਰਿਹਾ ਹੈ।
ਏਡੀਸੀ ਨੇ ਕਿਹਾ ਕਿ ਲੈਂਟਰ ਢਹਿਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬਣਦੀ ਜਾਂਚ ਕੀਤੀ ਜਾਵੇਗੀ। ਡੀਐਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਬਚਾਅ ਕਾਰਜ ਮੁਕੰਮਲ ਹੋ ਗਿਆ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (41) ਵਾਸੀ ਚੂਹੜਮਾਜਰਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੇ ਲੈਂਟਰ ਡਿੱਗਦੇ ਸਮੇਂ ਛਾਲ ਮਾਰ ਦਿੱਤੀ ਸੀ, ਜਦਕਿ ਮਲਬੇ ਹੇਠੋਂ ਕੱਢੇ ਗਏ ਦੂਜੇ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।