ਪੰਜਾਬ ‘ਚ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ
ਚੰਡੀਗੜ੍ਹ, 17 ਜਨਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਅੱਜ ਵੀ ਧੁੰਦ ਨੂੰ ਲੈਕੇ ਸੰਤਰੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਰਾਤ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ।ਬੀਤੇ ਦਿਨ ਧੁੱਪ ਨਾ ਨਿਕਲਣ ਕਰਕੇ ਦਿਨ ਦੇ ਤਾਪਮਾਨ ਵਿੱਚ 3.6 ਡਿਗਰੀ ਦੀ ਕਮੀ ਦਰਜ ਕੀਤੀ ਗਈ। ਸਾਰੇ ਪੰਜਾਬ ਦੇ ਸ਼ਹਿਰਾਂ ਦਾ ਦਿਨ ਦਾ ਤਾਪਮਾਨ 11 ਤੋਂ 20 ਡਿਗਰੀ ਦੇ ਵਿਚਕਾਰ ਰਿਹਾ। ਉਥੇ ਹੀ, ਰਾਤ 10 ਵਜੇ ਤੋਂ ਬਾਅਦ ਹਵਾਈ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਰਾਤ 10 ਵਜੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਵਿਜੀਬਿਲਟੀ ਜ਼ੀਰੋ ਤੱਕ ਪਹੁੰਚ ਗਈ। ਅੰਮ੍ਰਿਤਸਰ ਏਅਰਪੋਰਟ ’ਤੇ ਲੈਂਡਿੰਗ ਤੋਂ ਪਹਿਲਾਂ ਮਲੇਸ਼ੀਆ ਤੋਂ ਆਈ ਉਡਾਣ ਨੂੰ ਲਗਭਗ 1.30 ਘੰਟੇ ਹਵਾ ਵਿੱਚ ਚੱਕਰ ਲਾਉਣੇ ਪਏ। ਅੰਮ੍ਰਿਤਸਰ ਦੇ ਇਲਾਵਾ ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਵਿੱਚ ਵੀ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਨੂੰ ਲੈਕੇ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਵਿਜੀਬਿਲਟੀ 50 ਮੀਟਰ ਜਾਂ ਇਸ ਤੋਂ ਘੱਟ ਰਹਿ ਸਕਦੀ ਹੈ। ਇਸ ਤੋਂ ਇਲਾਵਾ, ਪੰਜਾਬ ਦੇ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈਕੇ ਪੀਲੀ ਚੇਤਾਵਨੀ (ਯੈਲੋ ਅਲਰਟ) ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਦੇ ਅਨੁਸਾਰ, ਰਾਜਸਥਾਨ ਦੇ ਨੇੜੇ ਇੱਕ ਪੱਛਮੀ ਗੜਬੜੀ ਸਰਗਰਮ ਹੈ, ਜੋ ਅੱਜ ਸ਼ਾਂਤ ਹੋ ਸਕਦੀ ਹੈ। ਇਸ ਤੋਂ ਬਾਅਦ ਭਲਕੇ 18 ਦਸੰਬਰ ਤੋਂ ਨਵੀਂ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜਿਸਦਾ ਅਸਰ ਪਹਾੜੀ ਇਲਾਕਿਆਂ ’ਤੇ ਵੇਖਣ ਨੂੰ ਮਿਲੇਗਾ। ਪਹਾੜਾਂ ’ਤੇ ਬਰਫਬਾਰੀ ਅਤੇ ਮੀਂਹ ਕਾਰਨ ਉਥੋਂ ਮੈਦਾਨੀ ਇਲਾਕਿਆਂ ਵੱਲ ਆਉਣ ਵਾਲੀਆਂ ਹਵਾਵਾਂ ਹੋਰ ਠੰਢੀਆਂ ਹੋਣਗੀਆਂ, ਜਿਸ ਨਾਲ ਪੰਜਾਬ ਦੇ ਤਾਪਮਾਨ ਵਿੱਚ ਇੱਕ ਵਾਰ ਫਿਰ ਗਿਰਾਵਟ ਦਰਜ ਹੋਵੇਗੀ।