ਪੰਜਾਬ ਸਰਕਾਰ ਕਿਸਾਨ ਮਜਦੂਰ ਆਗੂਆਂ ਤੋਂ ਹੱਥ ਪਰੇ ਰੱਖੇ !
ਪਟਿਆਲਾ: 17 ਜਨਵਰੀ, ਦੇਸ਼ ਕਲਿੱਕ ਬਿਓਰੋ
ਅੱਜ ਇਥੇ ਗੁਰੂਦੁਆਰਾ ਸਾਹਿਬ ਮਲੋਮਜਰਾ ਵਿੱਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜਿਲ੍ਹਾ ਪਟਿਆਲਾ ਦੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਦੀ ਸਮੀਖਿਆ ਕੀਤੀ ਗਈ ਅਤੇ 21 ਜਨਵਰੀ ਨੂੰ ਸ਼ੰਭੂ ਬਾਰਡਰ ਤੇ 101 ਜੱਥੇ ਦੇ ਪੈਦਲ ਮਾਰਚ ਜੱਥੇ ਪਹੁੰਚਣਗੇ ਅਤੇ 26 ਜਨਵਰੀ ਨੂੰ ਹੋ ਰਹੇ ਟਰੈਕਟਰ ਮਾਰਚ ਵਿੱਚ ਸੈਂਕੜੇ ਟਰੈਕਟਰ ਸ਼ਾਮਿਲ ਹੋਣਗੇ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਵਿਚਾਰ ਚਰਚਾ ਹੋਈ ਜਿਸ ਵਿੱਚ ਪਿਛਲੇ ਦਿਨਾਂ ਤੋਂ ਫਿਰੋਜ਼ਪੁਰ ਕੋਰਟ ਵੱਲੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਦੇ ਗ੍ਰਿਫਤਾਰੀ ਲਈ ਵਰੰਟ ਜਾਰੀ ਕੀਤੇ ਗਏ ਹਨ ।
ਆਗੂਆਂ ਨੇ ਦੱਸਿਆ ਕਿ ਇਹ ਕੇਸ ਇੱਕ ਸਾਜਿਸ਼ ਦਾ ਹਿੱਸਾ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਪੰਜਾਬ ਫੇਰੀ ਤੇ ਆਏ ਸਨ ਅਤੇ ਹੈਲੀਕਾਪਟਰ ਰਾਹੀਂ ਬਠਿੰਡਾ ਤੋਂ ਫਿਰੋਜ਼ਪੁਰ ਪੁੱਜਣਾ ਸੀ ਪਰ ਬਿਨਾਂ ਕਿਸੇ ਪਬਲਿਕ ਜਾਣਕਾਰੀ ਤੋਂ ਪ੍ਰਧਾਨ ਮੰਤਰੀ ਨੇ ਰੂਟ ਬਦਲ ਕੇ ਸੜਕ ਰਾਹੀਂ ਜਾਣ ਦਾ ਫੈਸਲਾ ਕਰ ਲਿਆ ਸੀ। ਇਸ ਫੇਰੀ ਦਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਿਲਾ ਹੈਡ ਕੁਆਰਟਰਾਂ ਤੇ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਤਹਿਤ ਹੀ ਬੀਕੇਯੂ ਕ੍ਰਾਂਤੀਕਾਰੀ ਦਾ ਜੱਥਾ ਫਿਰੋਜਪੁਰ ਵੱਲ ਜਾ ਰਿਹਾ ਸੀ ਅਤੇ ਰਸਤੇ ਵਿੱਚ ਪੁਲਿਸ ਵੱਲੋਂ ਰੋਕ ਲਿਆ ਗਿਆ ਸੀ ਜਿਸ ਕਾਰਨ ਜਥਾ ਸੜਕ ਤੇ ਬੈਠ ਗਿਆ ਸੀ। ਇਸ ਜਥੇ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਪਿੱਛੇ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਤੇ ਵਾਪਸ ਹੋ ਗਿਆ | ਉੱਥੇ ਕਿਸੇ ਕਿਸਮ ਦਾ ਟਕਰਾਓ ਨਹੀਂ ਹੋਇਆ।ਇਥੋਂ ਤੱਕ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਵਿੱਚ ਸ਼ਾਮਿਲ ਕਿਸੇ ਸੁਰੱਖਿਆ ਕਰਮਚਾਰੀ ਨਾਲ ਗੱਲਬਾਤ ਵੀ ਨਹੀਂ ਹੋਈ। ਕਿਉਂਕਿ ਉਹ ਇਕ ਕਿਲੋਮੀਟਰ ਪਿੱਛੇ ਖੜੇ ਸਨ।ਉਥੋਂ ਹੀ ਕਿਸੇ ਕਾਰਨ ਪ੍ਰਧਾਨ ਮੰਤਰੀ ਨੇ ਵਾਪਸ ਮੁੜਨ ਦਾ ਫੈਸਲਾ ਲੈ ਲਿਆ ਸੀ। ਹੁਣ ਕਿਸਾਨ ਮੋਰਚੇ ਦੇ ਉਭਾਰ ਕਾਰਨ ਸਾਜਿਸ਼ ਤਹਿਤ ਕਿਸਾਨ ਮਜਦੂਰ ਮੋਰਚੇ ਦਾ ਹਿੱਸਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ ) ਦੇ ਆਗੂਆਂ ਨੂੰ ਸਮੇਤ ਮਜਦੂਰ ਆਗੂਆਂ ਦੇ ਝੂਠੇ ਇਰਾਦਾ ਕਤਲ ਕੇਸ ਵਿੱਚ ਪਾ ਦਿੱਤਾ ਗਿਆ ਹੈ। ਅਸਲ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਨਾਲ ਰਲ ਕੇ ਯੂਨੀਅਨ ਉੱਤੇ ਜਬਰ ਦਾ ਕੁਹਾੜਾ ਵਾਹੁਣ ਦੀ ਤਿਆਰੀ ਵਿੱਚ ਹੈ।
ਜਿਲ੍ਹਾ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਹੈ ਕਿ ਝੂਠੇ ਕੇਸ ਵਿੱਚ ਆਗੂਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਜ ਆਵੇ ਅਤੇ ਇਸ ਝੂਠੀ ਐਫਆਈਆਰ ਨੂੰ ਕੈਂਸਲ ਕਰੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤਕੜੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਸਤਵੰਤ ਸਿੰਘ ਵਜੀਦਪੁਰ , ਸੂਬਾ ਪ੍ਰੈੱਸ ਸਕੱਤਰ ਡਾਕਟਰ ਜਰਨੈਲ ਸਿੰਘ ਕਾਲੇਕੇ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਆਪੋ ਆਪਣੇ ਵਿਚਾਰ ਰੱਖੇ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਜਗਤਾਰ ਸਿੰਘ ਬਰਸਟ, ਨਾਜ਼ਰ ਸਿੰਘ ਕਕਰਾਲਾ, ਬਲਦੇਵ ਸਿੰਘ ਭਾਨਰੀ,ਭਾਗ ਸਿੰਘ ਫਤੇਪੁਰ,ਅੰਗਰੇਜ ਸਿੰਘ ਰਤਨਹੇੜੀ, ਜਗਵੰਤ ਸਿੰਘ ਦਾਉਣ , ਬਲਜਿੰਦਰ ਸਿੰਘ ਢੀਂਡਸਾ,ਪਵਨ ਪਸਿਆਣਾ ,ਰਾਮ ਸਿੰਘ ਬੁਧਨਪੁਰ, ਗੁਰਪ੍ਰੀਤ ਸਿੰਘ ਜਾਹਲਾਂ,ਜੱਸੀ ਢਿੱਲੋਂ, ਯਾਦਵਿੰਦਰ ਸਿੰਘ ਕੂਕਾ, ਨਰਿੰਦਰ ਸਿੰਘ ਗੌਂਸਪੁਰ, ਇੰਦਰਜੀਤ ਦਿਓਗੜ੍ਹ ਆਦਿ ਸ਼ਾਮਿਲ ਸਨ।