ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਤੇਜ਼ ਹੋਇਆ ਅਖਾੜਾ ਨਹਿਰ ‘ਤੇ ਪੁੱਲ ਦੇ ਨਿਰਮਾਣ ਦਾ ਕੰਮ
ਜਗਰਾਉਂ: 19 ਜਨਵਰੀ, ਦੇਸ਼ ਕਲਿੱਕ ਬਿਓਰੋ
ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਣਥੱਕ ਮਿਹਨਤ ਅਤੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਕਾਰਨ ਅਬੋਹਰ ਬ੍ਰਾਂਚ ਅਖਾੜਾ ਨਹਿਰ ਉਪਰ ਬਣੇ ਮਿਆਦ ਪੁਗਾ ਚੁੱਕੇ ਤੇ ਭੀੜੇ ਪੁੱਲ ਤੋਂ ਬਹੁਤ ਜ਼ਲਦੀ ਨਿਯਾਤ ਮਿਲਣ ਜਾ ਰਹੀ ਹੈ। ਅਖਾੜਾ ਨਹਿਰ ਉਪਰ ਬਣ ਰਹੇ ਨਵੇਂ ਤੇ ਚੌੜੇ ਪੁੱਲ ਕੰਮ ਨੂੰ ਜ਼ਲਦੀ ਮੁਕੰਮਲ ਕਰਵਾਉਣ ਲਈ ਬੀਬੀ ਮਾਣੂੰਕੇ ਵੱਲੋਂ ਅੱਜ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਖੁਦ ਮੌਕੇ ‘ਤੇ ਪਹੁੰਚਕੇ ਦਬਸ਼ ਦਿੱਤੀ ਗਈ ਅਤੇ ਪੀ.ਡਬਲਿਯੂ.ਡੀ.ਵਿਭਾਗ ਦੇ ਅਧਿਕਾਰੀਆਂ ਐਸ.ਡੀ.ਓ.ਇੰਜ:ਸਹਿਜਪ੍ਰੀਤ ਸਿੰਘ ਮਾਂਗਟ, ਇੰਜ:ਕਰਮਜੀਤ ਸਿੰਘ ਕਮਾਲਪੁਰਾ ਜੇਈ, ਇੰਜ:ਵੀਰਪਾਲ ਕੌਰ ਜੇਈ, ਇੰਜ:ਜਸਕਿਰਨ ਕੌਰ ਜੇਈ ਆਦਿ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਅਖਾੜਾ ਨਹਿਰ ਉਪਰ ਬਣ ਰਹੇ ਨਵੇਂ ਪੁਲ ਦੇ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਤਿੰਨ ਮਹੀਨੇ ਤੱਕ ਹਰ ਹਾਲਤ ਵਿੱਚ ਲੋਕਾਂ ਦੀ ਵੱਡੀ ਸਮੱਸਿਆ ਦਾ ਹੱਲ ਕੀਤਾ ਜਾਵੇ, ਕਿਉਂਕਿ ਇਲਾਕੇ ਦੇ ਲੋਕ ਬਹੁਤ ਲੰਮੇ ਸਮੇਂ ਤੋਂ ਇਸ ਰਾਹਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਬੀ ਮਾਣੂੰਕੇ ਨੇ ਆਖਿਆ ਕਿ ਪਿਛਲੀਆਂ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਅਖਾੜਾ ਨਹਿਰ ਉਪਰ ਨਵਾਂ ਪੁੱਲ ਬਨਾਉਣ ਦੇ ਨਾਮ ‘ਤੇ ਕੇਵਲ ਬੇਵਕੂਫ਼ ਬਣਾਇਆ ਅਤੇ ਵੋਟਾਂ ਵਟੋਰਨ ਤੱਕ ਹੀ ਸੀਮਿਤ ਰਹੇ, ਪਰੰਤੂ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਇਹ ਪੁੱਲ ਬਨਾਉਣ ਦਾ ਵਾਅਦਾ ਕੀਤਾ ਸੀ ਅਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਨਵੇਂ ਪੁੱਲ ਦੀ ਅਪਰੂਵਲ ਕਰਵਾਈ ਅਤੇ ਲਗਭਗ ਅੱਠ ਕਰੋੜ ਰੁਪਏ ਦੀ ਲਾਗਤ ਨਾਲ ਅਖਾੜਾ ਨਹਿਰ ਉਪਰ ਨਵਾਂ ਪੁੱਲ ਬਣਾਕੇ ਉਹ ਲੋਕਾਂ ਨਾਲ ਕੀਤਾ ਗਿਆ ਵਾਅਦਾ ਜ਼ਲਦੀ ਪੂਰਾ ਕਰਨਾਂ ਚਾਹੁੰਦੇ ਹਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ. ਇੰਜ:ਸਹਿਜਪ੍ਰੀਤ ਸਿੰਘ ਮਾਂਗਟ ਅਤੇ ਇੰਜ:ਕਰਮਜੀਤ ਸਿੰਘ ਕਮਾਲਪੁਰਾ ਜੇਈ ਨੇ ਦੱਸਿਆ ਕਿ ਪੁੱਲ ਦੇ ਨਿਰਮਾਣ ਲਈ ਨਹਿਰ ਦੇ ਦੋਵੇਂ ਪਾਸੇ ਅੱਠ-ਅੱਠ 72 ਫੁੱਟ ਡੂੰਘੇ ਬੋਰ ਕਰਕੇ ਪਾਈਲ ਫਾਊਂਡੇਸ਼ਨ ਕੀਤੀ ਜਾ ਚੁੱਕੀ ਹੈ ਅਤੇ ਉਪਰਲਾ ਢਾਂਚਾ ਤਿਆਰ ਹੈ। ਇਸ ਤੋਂ ਇਲਾਵਾ ਪੁੱਲ ਦੀ ਅਸੈਂਬਲਿੰਗ ਕੀਤੀ ਜਾ ਰਹੀ ਹੈ ਤੇ ਨਹਿਰ ਦੋਵੇਂ ਪਾਸੇ ਦੋਵੇਂ ਡਿਸਟ੍ਰੀਬਿਊਟਰੀਆਂ ਉਪਰ 3 ਮੀਟਰ ਉੱਚੇ ਅਤੇ 3 ਮੀਟਰ ਚੌੜੇ ਬੌਕਸ ਟਾਈਪ ਕਲਵਟ ਤਿਆਰ ਕੀਤੇ ਜਾ ਰਹੇ ਹਨ ਅਤੇ ਪੁੱਲ ਨੂੰ ਨਾਲ ਦੀ ਨਾਲ ਹੀ ਸਪੈਸ਼ਲ ਰੰਗ ਵੀ ਕੀਤਾ ਜਾ ਰਿਹਾ ਹੈ। ਇਹ ਕੰਮ ਮੁਕੰਮਲ ਹੋਣ ਨੂੰ ਲਗਭਗ ਤਿੰਨ ਮਹੀਨੇ ਦਾ ਸਮਾਂ ਲੱਗ ਜਾਵੇਗਾ ਅਤੇ ਉਸ ਤੋਂ ਬਾਅਦ ਲੋਕਾਂ ਲਈ ਖੋਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਲਗਭਗ 139 ਸਾਲ ਪਹਿਲਾਂ ਬਣੇ ਅਤੇ ਆਪਣੀ ਸੌ ਸਾਲ ਦੀ ਮਿਆਦ ਪੁਗਾ ਚੁੱਕੇ ਮਾਲਵੇ ਨੂੰ ਦੁਆਬੇ ਨਾਲ ਜੋੜਨ ਵਾਲੇ ਅਬੋਹਰ ਬਰਾਂਚ ਅਖਾੜਾ ਨਹਿਰ ਉਪਰ ਬਣ ਰਹੇ ਨਵੇਂ ਪੁੱਲ ਨਾਲ ਲੋਕਾਂ ਦੀ ਵੱਡੀ ਸਮੱਸਿਆ ਹੱਲ ਹੋਣ ਜਾ ਰਹੀ ਹੈ, ਕਿਉਂਕਿ ਬੀਬੀ ਮਾਣੂੰਕੇ ਤੋਂ ਪਹਿਲਾਂ ਇਸ ਹਲਕੇ ਦੇ ਬਹੁਤ ਸਾਰੇ ਵਿਧਾਇਕਾਂ ਅਤੇ ਬਹੁਤ ਸਾਰੇ ਪੰਜਾਬ ਦੇ ਮੰਤਰੀਆਂ ਨੇ ਲੋਕਾਂ ਤੋਂ ਵੋਟਾਂ ਪ੍ਰਾਪਤ ਕਰਨ ਲਈ ਅਖਾੜਾ ਨਹਿਰ ਉਪਰ ਨਵਾਂ ਪੁੱਲ ਬਨਾਉਣ ਦੇ ਬਹੁਤ ਲਾਰੇ ਲਾਏ, ਪਰੰਤੂ ‘ਊਠ ਦਾ ਬੁੱਲ’ ਉਸੇ ਤਰਾਂ ਹੀ ਲਮਕਦਾ ਰਿਹਾ। ਰਾਏਕੋਟ-ਜਗਰਾਉਂ ਰੋਡ ਉਪਰ ਟ੍ਰੈਫਿਕ ਦੇ ਵੱਧ ਜਾਣ ਕਰਨ ਅਤੇ ਪਹਿਲਾਂ ਬਣੇ ਪੁੱਲ ਦੇ ਭੀੜਾ ਹੋਣ ਕਾਰਨ ਇਸ ਪੁੱਲ ਉਪਰ ਹਰ ਰੋਜ਼ ਬਹੁਤ ਵੱਡਾ ਜ਼ਾਮ ਲੱਗਣ ਕਰਕੇ ਲੋਕ ਭਾਰੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਦੇ ਹਨ। ਖਾਸ ਕਰਕੇ ਜਦੋਂ ਜਗਰਾਵਾਂ ਦੀ ਰੋਸ਼ਨੀ ਲੱਗਦੀ ਹੈ ਅਤੇ ਹਰ ਹਫ਼ਤੇ ਵੀਰਵਾਰ ਨੂੰ ਜਦੋਂ ਲੋਕ ਮਲੇਰਕੋਟਲਾ ਵਿਖੇ ਮੱਥਾ ਟੇਕਣ ਜਾਂਦੇ ਹਨ, ਤਾਂ ਅਖਾੜਾ ਨਹਿਰ ਦੇ ਮਿਆਦ ਪੁਗਾ ਚੁੱਕੇ ਭੀੜੇ ਪੁੱਲ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਵੱਡੇ ਜ਼ਾਮ ਕਾਰਨ ਅਕਸਰ ਹੀ ਗੱਡੀ ਪਹਿਲਾਂ ਲੰਘਾਉਣ ਦੇ ਚੱਕਰ ਵਿੱਚ ਲੋਕ ਆਪਸ ਵਿੱਚ ਲੜਦੇ ਹਨ। ਅਜਿਹੇ ਵਿੱਚ ਕਿਸੇ ਐਮਰਜੈਂਸੀ ਜਾਂ ਅਚਾਨਕ ਜੇਕਰ ਕੋਈ ਐਕਸੀਡੈਂਟ ਵਗੈਰਾ ਹੋ ਜਾਵੇ ਤਾਂ ਮਰੀਜਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਵਿੱਚ ਲੋਕਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾਂ ਪੈਂਦਾ ਹੈ। ਆਖਿਕਾਰ…! ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਲੋਕਾਂ ਵੱਡੀ ਰਾਹਤ ਮਿਲਣ ਜਾ ਰਹੀ ਹੈ। ਇਸ ਮੌਕੇ ਬੀਬੀ ਮਾਣੂੰਕੇ ਦੇ ਨਾਲ ਆਪ ਆਗੂ ਕੁਲਵਿੰਦਰ ਸਿੰਘ ਕਾਲਾ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸੁਖਦੇਵ ਸਿੰਘ ਕਾਉਂਕੇ, ਸਾਬਕਾ ਸਰਪੰਚ ਅਮਰਜੀਤ ਸਿੰਘ ਸ਼ੇਖਦੌਲਤ, ਕੁਲਦੀਪ ਸਿੰਘ ਔਲਖ, ਕੇਵਲ ਸਿੰਘ ਮੱਲ੍ਹੀ, ਡਿੰਪਲ ਸਿੰਘ ਆਦਿ ਵੀ ਹਾਜ਼ਰ ਸਨ।