ਸੁਖਬੀਰ ਬਾਦਲ ਦਾ ਬਲਜੀਤ ਦਾਦੂਵਾਲਾ ’ਤੇ ਵੱਡਾ ਹਮਲਾ, ਕਿਹਾ, ‘ਏਜੰਸੀਆਂ ਦੇ ਦਲਾਲ ਹਾਰੇ
ਬਠਿੰਡਾ, 20 ਜਨਵਰੀ, ਦੇਸ਼ ਕਲਿੱਕ ਬਿਓਰੋ :
ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਅੱਜ ਤੋਂ ਸ਼ੁਰੂ ਹੋ ਗਈ ਹੈ। ਵੱਖ ਵੱਖ ਇਲਾਕਿਆਂ ਵਿੱਚ ਅੱਜ ਅਕਾਲੀ ਦਲ ਦੀ ਮੈਂਬਰਸ਼ਿਪ ਦੇ ਫਾਰਮ ਭਰਾਏ ਜਾ ਰਹੇ ਹਨ। ਸੁਖਬੀਰ ਬਾਦਲ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਜੋਂ ਫਾਰਮ ਭਰਿਆ ਗਿਆ। ਸੁਖਬੀਰ ਬਾਦਲ ਨੇ ਪਿੰਡ ਬਾਦਲ ਵਿਖੇ ਅਕਾਲੀ ਦਲ ਦੇ ਦਫ਼ਤਰ ਜਾ ਕੇ ਫਾਰਮ ਭਰਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਰਕਰ ਹੋਣ ਦੇ ਨਾਤੇ, ਮੈਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੇ ਪਹਿਲੇ ਦਿਨ ਹੀ ਮੈਂਬਰਸ਼ਿਪ ਫਾਰਮ ਭਰ ਮੈਂਬਰ ਬਣਿਆ ਹਾਂ । ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਕੱਲੇ ਲੰਬੀ ਵਿਧਾਨ ਸਭਾ ਹਲਕੇ ਵਿੱਚ 40,000 ਮੈਂਬਰ ਅਤੇ ਪੂਰੇ ਸੂਬੇ ਵਿੱਚ ਲਗਭਗ 50 ਲੱਖ ਮੈਂਬਰ ਭਰਤੀ ਕਰਾਂਗੇ ਕਰਾਂਗੇ ।
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਆਏ ਨਤੀਜਿਆਂ ਉਤੇ ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੇ ਹਰਿਆਣਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਉਹ ਪੰਥ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਵਾਲਿਆਂ ਨੂੰ ਸਵੀਕਾਰ ਨਹੀਂ ਕਰੇਗੀ। ਇਸੇ ਕਰਕੇ ਕੇਂਦਰੀ ਏਜੰਸੀਆਂ ਦੇ ਦਲਾਲ ਬਲਜੀਤ ਸਿੰਘ ਦਾਦੂਵਾਲ ਦਾ ਪੂਰਾ ਧੜਾ ਬੁਰੀ ਤਰ੍ਹਾਂ ਹਾਰਿਆ ਹੈ। ਇਹ ਉਨ੍ਹਾਂ ਤਾਕਤਾਂ ਦੀ ਵੀ ਹਾਰ ਹੈ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ।