ਪਿੰਡ ਜਿਉਂਦ ‘ਚ ਪੰਚਾਇਤੀ ਜ਼ਮੀਨ ਦੀ ਮੁਰੱਬੇਬੰਦੀ ਨੂੰ ਲੈ ਕੇ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ
ਰਾਮਪੁਰਾ ਫੂਲ: 20 ਜਨਵਰੀ, ਦੇਸ਼ ਕਲਿੱਕ ਬਿਓਰੋ
ਰਾਮਪੁਰਾ ਫੂਲ ਨੇੜੇ ਪਿੰਡ ਜਿਉਂਦ ਵਿੱਚ ਪੰਚਾਇਤੀ ਜ਼ਮੀਨ ‘ਤੇ ਕਬਜ਼ੇ ਦਾ ਮਾਮਲਾ ਗਰਮਾਅ ਗਿਆ ਹੈ। ਅੱਜ ਜਦੋਂ ਪ੍ਰਸ਼ਾਸਨ ਭਾਰੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਮੁਰੱਬੇਬੰਦੀ ਲਈ ਪਹੁੰਚੇ ਤਾਂ ਕਿਸਾਨਾਂ ਨੇ ਪੁਲਿਸ ਅਤੇ ਅਧਿਕਾਰੀਆਂ ਦਾ ਡੱਟ ਕੇ ਵਿਰੋਧ ਕੀਤਾ। ਇਸ ਦੌਰਾਨ ਡੀ ਐਸ ਪੀ ਰਾਹੁਲ ਭਾਰਦਵਾਜ ਦੇ ਵੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਬਾਂਹ ਟੁੱਟ ਗਈ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਕੋਰਟ ਦੇ ਹੁਕਮਾਂ ਮੁਤਾਬਿਕ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ।ਪੁਲਿਸ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਵੀ ਕੀਤਾ ਗਿਆ। ਅਤੇ ਕਿਸਾਨਾਂ ਦੀ ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਿਸ਼ਾਨਦੇਹੀ ਕਰਨ ਆਏ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ । ਇਸ ਮੌਕੇ ਕਿਸਾਨ ਆਗੂਆਂ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਟਰਾਲੀ ਵਾਪਸ ਕਰਨ ਲਈ ਕਿਹਾ ਕਿਸਾਨਾਂ ਦੇ ਰੋਹ ਅੱਗੇ ਝੁਕਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਹਿਰਾਸਤ ਵਿੱਚ ਲਈ ਹੋਈ ਟਰਾਲੀ ਕਿਸਾਨ ਆਗੂਆਂ ਨੂੰ ਵਾਪਸ ਕੀਤੀ ਗਈ।ਇਸ ਮੌਕੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਧੱਕੇਸ਼ਾਹੀ ਕਰੇਗਾ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ।