ਕਿਸਾਨ ਦੇ ਫਾਰਮ ਹਾਊਸ ’ਚ ਸ਼ਰਾਰਤੀ ਅਨਸਰਾਂ ਨੇ ਲਗਾਈ ਅੱਗ
ਕੰਬਾਈਨ, ਦੋ ਟਰੈਕਟਰ, ਗੱਡੀ, ਦੋ ਬਾਈਕ ਤੇ ਹੋਰ ਸਮਾਨ ਸੜਿਆ
ਜਲੰਧਰ, 21 ਜਨਵਰੀ, ਦੇਸ਼ ਕਲਿਕ ਬਿਊਰੋ :
ਜਲੰਧਰ ‘ਚ ਸਵੇਰੇ ਚਾਰ ਵਜੇ ਇਕ ਕਿਸਾਨ ਦੇ ਫਾਰਮ ਹਾਊਸ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ। ਜਿਸ ਵਿੱਚ ਗੋਦਾਮ ਦੇ ਅੰਦਰ ਖੜ੍ਹੇ ਟਰੈਕਟਰਾਂ ਸਮੇਤ ਹੋਰ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ। ਇਸ ਘਟਨਾ ਕਾਰਨ ਫਾਰਮ ਹਾਊਸ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਥਾਣਾ ਭੋਗਪੁਰ ਦੀ ਪੁਲਸ ਮਾਮਲੇ ਦੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ।
ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਇਹ ਘਟਨਾ ਭੋਗਪੁਰ ਸ਼ਹਿਰ ਦੇ ਕਾਲਾ ਬੱਕਰਾ ਇਲਾਕੇ ਦੀ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਸਵੇਰੇ 4 ਵਜੇ ਫਾਰਮ ਹਾਊਸ ‘ਚ ਰੱਖੇ ਕੀਮਤੀ ਸਮਾਨ ਨੂੰ ਅੱਗ ਲਗਾ ਦਿੱਤੀ ਅਤੇ ਫ਼ਰਾਰ ਹੋ ਗਏ।
ਫਾਰਮ ਹਾਊਸ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਉਸੇ ਫਾਰਮ ਹਾਊਸ ਵਿੱਚ ਸੌਂ ਰਿਹਾ ਸੀ। ਅੱਜ ਸਵੇਰੇ ਉਨ੍ਹਾਂ ਨੇ ਕੁਝ ਆਵਾਜ਼ਾਂ ਸੁਣੀਆਂ ਅਤੇ ਫਿਰ ਫਾਰਮ ਹਾਊਸ ਨੂੰ ਅੱਗ ਲੱਗ ਗਈ। ਇਸ ਵਿੱਚ ਮੌਜੂਦ ਸਾਰਾ ਕੀਮਤੀ ਸਮਾਨ ਸੜ ਗਿਆ।
ਇਸ ਘਟਨਾ ਵਿੱਚ ਇੱਕ ਕੰਬਾਈਨ ਹਾਰਵੈਸਟਰ, ਦੋ ਟਰੈਕਟਰ, ਇੱਕ ਗੱਡੀ ਅਤੇ ਦੋ ਬਾਈਕ ਅਤੇ ਫਾਰਮ ਹਾਊਸ ਮਾਲਕ ਦਾ ਹੋਰ ਸਾਮਾਨ ਸ਼ਾਮਲ ਸੀ। ਫਾਰਮ ਹਾਊਸ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਮੁਲਜ਼ਮ ਹੰਗਾਮਾ ਕਰ ਰਹੇ ਸਨ। ਜਿਸ ਕਾਰਨ ਮੈਂ ਡਰ ਗਿਆ। ਜਦੋਂ ਮੈਂ ਦੇਖਿਆ ਤਾਂ ਮੁਲਜ਼ਮਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ।