ਲੁਧਿਆਣਾ ਵਿਖੇ ਫੈਕਟਰੀ ਮਾਲਕ ਨੇ 3 ਧੀਆਂ, 1 ਪੁੱਤ ਤੇ ਮਾਂ ਨੂੰ ਮੂੰਹ ਕਾਲੇ ਕਰਕੇ ਘੁੰਮਾਇਆ, ਲੋਕ ਤਮਾਸ਼ਬੀਨ ਬਣੇ
ਲੁਧਿਆਣਾ, 22 ਜਨਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਕ ਫੈਕਟਰੀ ਮਾਲਕ ਨੇ ਇੱਕ ਪਰਿਵਾਰ ਦੀਆਂ 3 ਧੀਆਂ, 1 ਪੁੱਤ ਅਤੇ ਉਨ੍ਹਾਂ ਦੀ ਮਾਂ ਦੇ ਮੂੰਹ ਕਾਲੇ ਕੀਤੇ ਅਤੇ ਆਂਢ-ਗੁਆਂਢ ਵਿੱਚ ਘੁੰਮਾਇਆ। ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕ ਹੱਸਦੇ ਹੋਏ ਤਮਾਸ਼ਾ ਦੇਖਦੇ ਰਹੇ।
ਪਰਿਵਾਰ ਦੇ ਚਾਰੇ ਮੈਂਬਰਾਂ ਦੇ ਗਲਾਂ ਵਿੱਚ ਤਖ਼ਤੀਆਂ ਪਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਤਖ਼ਤੀਆਂ ‘ਤੇ ਲਿਖਿਆ ਸੀ ਮੈਂ ਚੋਰ ਹਾਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ। ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।
ਦਰਅਸਲ ਮਾਮਲਾ ਬਹਾਦਰਕੇ ਰੋਡ ਦੇ ਏਕਜੋਤ ਨਗਰ ਦਾ ਹੈ। ਇੱਕ ਫੈਕਟਰੀ ਵਿੱਚ ਕੰਮ ਕਰਦੇ ਇੱਕ ਪਰਿਵਾਰ (ਤਿੰਨ ਧੀਆਂ, ਪੁੱਤਰ ਅਤੇ ਮਾਂ) ਨੂੰ ਲੋਕਾਂ ਨੇ ਕੱਪੜੇ ਚੋਰੀ ਕਰਨ ਦੇ ਦੋਸ਼ ਵਿੱਚ ਫੜ ਲਿਆ। ਇਸ ਤੋਂ ਬਾਅਦ ਫੈਕਟਰੀ ਮਾਲਕ ਨੇ ਸਾਰਿਆਂ ਦਾ ਮੂੰਹ ਕਾਲਾ ਕਰ ਦਿੱਤਾ। ਇਨ੍ਹਾਂ ਸਾਰਿਆਂ ਦੇ ਗਲ਼ੇ ‘ਚ ‘ਚੋਰ’ ਲਿਖੀਆਂ ਤਖ਼ਤੀਆਂ ਸਨ ਅਤੇ ਗਲੀਆਂ ‘ਚ ਘੁਮਾਇਆ ਗਿਆ ਅਤੇ ਗਲਤ ਟਿੱਪਣੀਆਂ ਕੀਤੀਆਂ ਗਈਆਂ।