ਨਵੀਂ ਦਿੱਲੀ, 22 ਜਨਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿਧਾਨ ਸਭਾ ਦੀ ਭਾਜਪਾ ਵੱਲੋਂ ਚੋਣ ਲੜ ਰਹੇ ਪ੍ਰਵੇਸ਼ ਵਰਮਾ ਵੱਲੋਂ ਪੰਜਾਬ ਦੀਆਂ ਨੰਬਰ ਪਲੇਟ ਵਾਲੀਆਂ ਗੱਡੀਆਂ ਨੂੰ ਲੈ ਦੇ ਦਿੱਤੇ ਗਏ ਬਿਆਨ ਦੀ ਅਰਵਿੰਦ ਕੇਜਰੀਵਾਲ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਅਰਵਿੰਦ ਕੇਜਰੀਵਾਲ ਨੇ ਇਸ ਨੂੰ ਪੰਜਾਬੀਆਂ ਦਾ ਅਪਮਾਨ ਦੱਸਿਆ ਹੈ। ਉਨ੍ਹਾਂ ਇਕ ਪੋਸਟ ਰਾਹੀਂ ਕਿਹਾ ਕਿ ਦਿੱਲੀ ਵਿੱਚ ਲੱਖਾਂ ਪੰਜਾਬੀ ਰਹਿੰਦੇ ਹਨ ਜਿੰਨਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਲਈ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਦਿੱਲੀ ਵਿੱਚ ਲੱਖਾਂ ਪੰਜਾਬੀ ਰੇਫਿਊਜ਼ੀ ਵੀ ਰਹਿੰਦੇ ਹਨ ਜੋ ਦੇਸ਼ ਦੀ ਵੰਡ ਦੇ ਮੁਸ਼ਕਿਲ ਸਮੇਂ ਵਿੱਚ ਸਭ ਕੁਝ ਛੱਡ ਕੇ ਦਿੱਲੀ ਆ ਕੇ ਬਸੇ ਸਨ। ਇਨ੍ਹਾਂ ਦੇ ਪਰਿਵਾਰ ਨੇ ਵੀ ਅਣਗਿਣਤ ਦੁੱਖ ਹੰਢਾਏ ਹਨ। ਭਾਜਪਾ ਦੇ ਆਗੂ ਅੱਜ ਜੋ ਕਹਿ ਰਹੇ ਹਨ, ਇਸ ਤੋਂ ਉਨ੍ਹਾਂ ਦੀ ਸ਼ਹਾਦਤ ਅਤੇ ਕੁਰਬਾਨੀ ਦਾ ਅਪਮਾਨ ਕਰ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ਇਹ ਬਿਆਨ ਸੁਣ ਕੇ ਬਹੁਤ ਦੁੱਖ ਹੋਇਆ। ਦਿੱਲੀ ਨੂੰ ਪੰਜਾਬੀਆਂ ਨੇ ਸੰਵਾਰਿਆ ਹੈ। ਪੰਜਾਬੀਆਂ ਨੂੰ ਦੇਸ਼ ਲਈ ਖਤਰਾ ਬੋਲਕੇ ਭਾਜਪਾ ਨੇ ਦਿੱਲੀ ਵਿੱਚ ਰਹਿੰਦੇ ਲੱਖਾਂ ਪੰਜਾਬੀਆਂ ਨੂੰ ਅਪਮਾਨਿਤ ਕੀਤਾ ਹੈ। ਭਾਜਪਾ ਨੂੰ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਲੜ ਰਹੇ ਪ੍ਰਵੇਸ਼ ਵਰਮਾ ਨੇ ਕਿਹਾ ਸੀ ਕਿ ਪੰਜਾਬ ਦੇ ਨੰਬਰ ਪਲੇਟਾਂ ਵਾਲੇ ਹਜ਼ਾਰਾਂ ਵਾਹਨ ਦਿੱਲੀ ਵਿੱਚ ਘੁੰਮ ਰਹੇ ਹਨ। ਇੱਥੇ 26 ਜਨਵਰੀ ਨੂੰ ਮਨਾਉਣ ਦੀਆਂ ਤਿਆਰੀਆਂ ਚਲ ਰਹੀਆਂ ਹਨ। ਇੱਥੇ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ, ਜੋ ਸਾਡੀ ਸੁਰੱਖਿਆ ਪ੍ਰਣਾਲੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ।