ਬੁਢਲਾਡਾ/ਮਾਨਸਾ, 22 ਜਨਵਰੀ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਦਿਨੀ ਬੁਢਲਾਡਾ ਦੌਰੇ ਮੌਕੇ ਸਰਕਾਰੀ ਆਈ.ਟੀ.ਆਈ. ਬੁਢਲਾਡਾ ਦੀ ਇਮਾਰਤ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਸਬੰਧੀ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ, ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਸ੍ਰੀ ਮਨੋਜ ਕੁਮਾਰ ਗੁਪਤਾ, ਸਹਾਇਕ ਡਾਇਰੈਕਟਰ ਸ੍ਰੀ ਪਰਵਿੰਦਰ ਸਿੰਘ ਸੰਧੂ ਵੱਲੋਂ ਆਈ.ਟੀ.ਆਈ. ਬੁਢਲਾਡਾ ਦਾ ਦੌਰਾ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰ. ਬੁੱਧ ਰਾਮ ਨੇ ਦੱਸਿਆ ਕਿ ਆਈ.ਟੀ.ਆਈ. ਬੁਢਲਾਡਾ ਵਿਖੇ ਨਵੀਂ ਵਰਕਸ਼ਾਪ, ਨਵੇਂ ਕਲਾਸ ਰੂਮ, ਮਲਟੀਪਰਪਜ਼ ਹਾਲ, ਨਵੀਂ ਲਾਇਬ੍ਰੇਰੀ ਬਣਾਈ ਜਾਣੀ ਹੈ ਅਤੇ ਪੁਰਾਣੇ ਕਲਾਸ ਰੂਮਜ਼ ਦਾ ਨਵੀਨੀਕਰਨ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਆਈ.ਟੀ.ਆਈ. ਵਿਖੇ ਨਵੇਂ ਕੋਰਸ ਵੀ ਜਲਦ ਸ਼ੁਰੂ ਕੀਤੇ ਜਾਣਗੇ।
ਇਸ ਮੌਕੇ ਪ੍ਰਿੰਸੀਪਲ ਆਈ.ਟੀ.ਆਈ. ਬੁਢਲਾਡਾ ਸ੍ਰੀ ਗਗਨਦੀਪ ਸਿੰਘ ਵੀ ਮੌਜੂਦ ਸਨ।