ਸਰਹਿੰਦ ਨਹਿਰ ਬਠਿੰਡਾ ਬ੍ਰਾਂਚ ਦੀ ਬੰਦੀ ਤੁਰੰਤ ਖੋਲ੍ਹੀ ਜਾਵੇ:ਨਾਗਰਿਕ ਚੇਤਨਾ ਮੰਚ ਬਠਿੰਡਾ
ਬਠਿੰਡਾ: 22 ਜਨਵਰੀ, ਦੇਸ਼ ਕਲਿੱਕ ਬਿਓਰੋ
ਨਵੇਂ ਸਾਲ ਇੱਕ ਜਨਵਰੀ ਤੋਂ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਦੀ ਬੰਦੀ ਚੱਲ ਰਹੀ ਹੈ। ਅੱਜ 22 ਦਿਨ ਹੋ ਗਏ ਹਨ। ਐਸਡੀਓ ਬਿਕਰਮਜੀਤ ਸਿੰਘ ਦੇ ਕਹੇ ਮੁਤਾਬਕ ਉਨ੍ਹਾਂ ਕੋਲ ਸਿਰਫ਼ ਦਸ-ਗਿਆਰਾਂ ਦਿਨਾਂ ਦਾ ਹੀ ਪਾਣੀ ਸਟੋਰ ਹੁੰਦਾ ਹੈ । ਸ਼ਾਇਦ ਪਾਣੀ ਦੀ ਕਿੱਲਤ ਦੇ ਮੱਦੇਨਜ਼ਰ ਭੇਜੀ ਮੰਗ ਪ੍ਰਤੀ ਨਹਿਰੀ ਮਹਿਕਮਾ ਧਿਆਨ ਨਹੀਂ ਦੇ ਰਿਹਾ। ਨਾਗਰਿਕ ਚੇਤਨਾ ਮੰਚ ਬਠਿੰਡਾ ਦੇ ਪ੍ਰਧਾਨ ਪ੍ਰਿੰ ਬੱਗਾ ਸਿੰਘ ਅਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰੈੱਸ ਬਿਆਨ ਰਾਹੀਂ ਬਠਿੰਡਾ ਨਹਿਰ ਦੀ ਬੰਦੀ ਤੁਰੰਤ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਤੇ ਨੇੜ ਤੇੜ ਦੇ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਗੰਭੀਰ ਹੁੰਦੀ ਸਮੱਸਿਆ ਤੇ ਨਹਿਰ ਬੰਦੀ ਸਮੇਂ ਇਲਾਕੇ ਦੀਆਂ ਪਾਣੀ ਦੀਆਂ ਜ਼ਰੂਰਤਾਂ ਨੂੰ ਪ੍ਰਸ਼ਾਸਨ ਨੇ ਪੂਰਾ ਕਰਨ ਦੇ ਪਹਿਲਾਂ ਢੁੱਕਵੇਂ ਬੰਦੋਬਸਤ ਨਹੀਂ ਕੀਤੇ ਅਤੇ ਜਿਸ ਕਰਕੇ ਜਲ ਘਰਾਂ ਵਿੱਚ ਪਾਣੀ ਦੇ ਭੰਡਾਰ ਦੀ ਸਮਰੱਥਾ ਲੰਮੀ ਨਹਿਰੀ ਬੰਦੀ ਦੇ ਮੁਕਾਬਲੇ ਨਿਗੂਣੀ ਸਿੱਧ ਹੋਈ ਹੈ । ਅਜਿਹਾ ਹਰ ਛਿਮਾਹੀ ਨਹਿਰੀ ਬੰਦੀਆਂ ਸਮੇਂ ਪਿਛਲੇ ਕਾਫੀ ਲੰਬੇ ਅਰਸੇ ਤੋਂ ਲਗਾਤਾਰ ਸਾਹਮਣੇ ਆ ਰਿਹਾ ਹੈ। ਨਹਿਰੀ ਮਹਿਕਮਾਂ ਤੇ ਮਿਊਸਪਲ ਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਕੀਤੇ ਠੋਸ ਭਰੋਸੇਯੋਗ ਪ੍ਰਬੰਧ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਨਹਿਰੀ ਬੰਦੀ ਸਮੇਂ ਨਹਿਰਾਂ ਦਾ ਪਾਣੀ ਭੰਡਾਰ ਕਰਨ ਵਾਲੀਆਂ ਡਿੱਗੀਆਂ ਦੀ ਸਫਾਈ ਕਿਧਰੇ ਵੀ ਨਹੀਂ ਹੋ ਰਹੀ।ਸ਼ਹਿਰ ਵਿੱਚ ਪਾਣੀ ਦਾ ਭੰਡਾਰ ਕਰਨ ਲਈ ਪਾਣੀ ਦੇ ਟੈਂਕ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਲਈ ਖਾਲੀ ਰੱਖੇ ਪਏ ਹਨ। ਉਨ੍ਹਾਂ ਦੀ ਕੋਈ ਮੁਰੰਮਤ ਵੀ ਨਹੀਂ ਹੋਈ ਅਤੇ ਪਾਣੀ ਦਾ ਭੰਡਾਰ ਵੀ ਨਹੀਂ ਕੀਤਾ ਗਿਆ।ਪੀਣ ਵਾਲੇ ਪਾਣੀ ਦੀ ਪੂਰਤੀ ਲਈ ਪ੍ਰਸ਼ਾਸਨ ਨੂੰ ਕੋਈ ਸਿਰਦਰਦੀ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਨਹਿਰੀ ਪਾਣੀ ਦੀ ਬੰਦੀ ਦਾ ਕੋਈ ਅਰਸਾ ਨਿਰਧਾਰਤ ਕੀਤਾ ਹੀ ਨਹੀਂ ਜਾਂਦਾ ਬਲਕਿ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕਰਦਿਆਂ ਇਸ ਨੂੰ ਇੱਕ ਹਫਤਾ ਅੱਗੇ ਵਧਾ ਦਿੱਤਾ ਗਿਆ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਲਾਇਨੋ ਪਾਰ ਸ਼ਹਿਰ ਦੀਆਂ ਬਸਤੀਆਂ ਜਿਵੇਂ ਅਮਰਪੁਰਾ,ਸੰਜੇ ਨਗਰ,ਵਰਤਮਾਨ ਕਾਲੋਨੀ,ਜਨਤਾ ਨਗਰ,ਪਰਸ ਰਾਮ,ਨਗਰ,ਲਾਲ ਸਿੰਘ ਬਸਤੀ, ਸੁੱਖਪੀਰ ਰੋਡ,ਮੁਲਤਾਨੀਆ ਰੋਡ ਦੇ ਇਲਾਕਿਆਂ ਵਿੱਚ ਤਾਂ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਚਲਦੀ ਰਹਿੰਦੀ ਹੈ,ਜੋ ਹੁਣ ਬਹੁਤ ਹੀ ਗੰਭੀਰ ਹੋ ਗਈ ਹੈ। ਪਾਣੀ ਦੀ ਲੋੜ ਪੂਰੀ ਕਰਨ ਵਿਚ ਹੀ ਰੁੱਝੇ ਰਹਿਣ ਕਾਰਨ ਲੋਕਾਂ ਦਾ ਰੁਜ਼ਗਾਰ ਵੀ ਪ੍ਰਭਾਵਤ ਹੋ ਰਿਹਾ ਹੈ।ਪਾਣੀ ਦੀ ਕਿੱਲਤ ਤੇ ਸਮੁੱਚੇ ਹਾਲਾਤ ਦੇ ਮੱਦੇਨਜ਼ਰ ਨਾਗਰਿਕ ਚੇਤਨਾ ਮੰਚ ਨੇ ਮੰਗ ਕੀਤੀ ਹੈ ਕਿ ਪਾਣੀ ਸਪਲਾਈ ਕਰਨ ਲਈ ਨਹਿਰੀ ਬੰਦੀ ਤੁਰੰਤ ਖਤਮ ਕੀਤੀ ਜਾਵੇ।
ਸ਼ਹਿਰ ਵਿੱਚ ਪਾਣੀ ਦੇ ਟੈਂਕਾਂ ਦੀ ਸਮਰੱਥਾ ਵਧਾਈ ਜਾਵੇ, ਵਾਟਰ ਵਰਕਸਾਂ ਦੇ ਪਾਣੀ ਦੇ ਟੈਂਕਾਂ ਵਿੱਚੋਂ ਗਾਰ ਕੱਢਣ ਦਾ ਕੰਮ ਫੌਰੀ ਤੌਰ ਤੇ ਕਰਵਾਇਆ ਜਾਵੇ। ਪਾਣੀ ਦੀ ਸਪਲਾਈ ਵਧਾਉਣ ਲਈ ਹੋਰ ਵੱਧ ਗਿਣਤੀ ਵਿੱਚ ਡੂੰਘੇ ਟਿਊਬਵੈੱਲ ਲਾਏ ਜਾਣ। ਬੰਦ ਪਏ ਟਿਊਬਵੈਲਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ। ਨਹਿਰ ਤੋਂ ਪਾਣੀ ਦੀ ਸਪਲਾਈ ਦੀ ਮਾਤਰਾ ਆਬਾਦੀ ਦੇ ਹਿਸਾਬ ਨਾਲ ਹੋਰ ਵਧਾਉਣੀ ਚਾਹੀਦੀ ਹੈ l ਪਰ ਪ੍ਰਸ਼ਾਸਨ ਇਸ ਸਮੱਸਿਆ ਦੀ ਗੰਭੀਰਤਾ ਦੇ ਹਿਸਾਬ ਨਾਲ ਕੋਈ ਤਸੱਲੀ ਬਖ਼ਸ਼ ਯੋਜਨਾ ਪੇਸ਼ ਨਹੀਂ ਰਿਹਾ ।
ਪਿਛਲੇ ਸਾਲ ਵੀ ਜਦੋਂ ਨਹਿਰ ਦੀ ਬੰਦੀ ਲੰਬੀ ਹੋ ਗਈ ਸੀ ਤੇ ਲੋਕ ਪਾਣੀ ਦੀ ਕਿੱਲਤ ਕਾਰਨ ਔਖੇ ਸਨ ਤਾਂ ਇਹ ਮੰਗ ਰੱਖੀ ਗਈ ਸੀ ਪਰ
ਕੋਈ ਫ਼ਰਕ ਨਹੀਂ ਪਿਆ।
98156 29301