ਮੌਸਮ ਵਿਭਾਗ ਵੱਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਅੱਜ ਮੀਂਹ ਪੈਣ ਦੀ ਭਵਿੱਖਬਾਣੀ
ਚੰਡੀਗੜ੍ਹ, 23 ਜਨਵਰੀ, ਦੇਸ਼ ਕਲਿਕ ਬਿਊਰੋ :
ਪੱਛਮੀ ਗੜਬੜੀ ਦੇ ਕਾਰਨ, ਇੱਕ ਚੱਕਰਵਾਤੀ ਸਰਕੂਲੇਸ਼ਨ ਪੰਜਾਬ ਵਿੱਚ ਅਤੇ ਦੋ ਗੁਆਂਢੀ ਰਾਜਾਂ ਵਿੱਚ ਸਰਗਰਮ ਹੋ ਗਿਆ ਹੈ। ਜਿਸ ਕਾਰਨ ਅੱਜ ਪੰਜਾਬ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਚੱਕਰਵਾਤੀ ਸਰਗਰਮੀ ਕਾਰਨ ਪੰਜਾਬ ਦਾ ਘੱਟੋ-ਘੱਟ ਤਾਪਮਾਨ ਇਸ ਵੇਲੇ ਆਮ ਨਾਲੋਂ ਉਪਰ ਬਣਿਆ ਹੋਇਆ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ 48 ਘੰਟਿਆਂ ‘ਚ ਘੱਟੋ-ਘੱਟ ਤਾਪਮਾਨ ‘ਚ 4 ਡਿਗਰੀ ਦੀ ਗਿਰਾਵਟ ਆਵੇਗੀ, ਜਿਸ ਕਾਰਨ ਠੰਡ ਵਧੇਗੀ। ਅੱਜ ਪੰਜਾਬ ਦੇ ਪਠਾਨਕੋਟ, ਰੂਪਨਗਰ ਅਤੇ ਐਸਏਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਬੀਤੇ ਦਿਨ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ ‘ਚ 1.6 ਡਿਗਰੀ ਦਾ ਵਾਧਾ ਦੇਖਿਆ ਗਿਆ ਅਤੇ ਇਹ ਤਾਪਮਾਨ ਆਮ ਨਾਲੋਂ 4.3 ਡਿਗਰੀ ਵੱਧ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 1.7 ਡਿਗਰੀ ਦੀ ਗਿਰਾਵਟ ਨਾਲ ਆਮ ਨਾਲੋਂ 3 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ।
ਪੰਜਾਬ ‘ਚ ਸਰਗਰਮ ਚੱਕਰਵਾਤੀ ਸਰਗਰਮੀ ਦਾ ਅਸਰ ਆਉਣ ਵਾਲੇ ਦਿਨਾਂ ਤੱਕ ਪਹਾੜਾਂ ‘ਤੇ ਦਿਖਾਈ ਦੇਵੇਗਾ। ਮੌਸਮ ਵਿਭਾਗ ਨੇ ਪਹਾੜਾਂ ਵਿੱਚ ਹਲਕੀ ਬਾਰਿਸ਼, ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਜਿਸ ਕਾਰਨ ਪਹਾੜੀ ਇਲਾਕਿਆਂ ਵਿੱਚ ਠੰਢ ਵਧੇਗੀ।ਇਸ ਤੋਂ ਬਾਅਦ ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਦਿਖਾਈ ਦੇਵੇਗਾ ਅਤੇ ਇੱਥੇ ਤਾਪਮਾਨ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਜਾਵੇਗੀ।