ਅੰਮ੍ਰਿਤਸਰ, 23 ਜਨਵਰੀ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਦੇ ਗੇਟ ਖਜ਼ਾਨਾ ਇਲਾਕੇ ਦੇ ਨੇੜੇ ਸਥਿਤ ਮੰਦਰ ਭਦਰਕਾਲੀ ਦੇ ਕੋਲ ਦੋ ਧਿਰਾਂ ਵਿਚਕਾਰ ਵਿਵਾਦ ਹੋ ਗਿਆ। ਇਹ ਵਿਵਾਦ ਗਲੀ ਵਿੱਚ ਬਣੀ ਇੱਕ ਬਗੀਚੀ ਨੂੰ ਲੈ ਕੇ ਹੋਇਆ। ਜਿਸ ਵਿੱਚ ਅੰਮ੍ਰਿਤਸਰ ਪੁਲੀਸ ਦੇ ਇੱਕ ਏਐਸਆਈ ਦੇ ਪਰਿਵਾਰ ਅਤੇ ਉਨ੍ਹਾਂ ਦੇ ਗੁਆਂਢੀ ਸੀਆਰਪੀਐਫ ਜਵਾਨ ਦੇ ਪਰਿਵਾਰ ਦੇ ਵਿਚਕਾਰ ਝਗੜਾ ਹੋਇਆ। ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਨੇ ਇੱਕ-ਦੂਜੇ ’ਤੇ ਗੰਭੀਰ ਦੋਸ਼ ਲਗਾਏ ਹਨ।
ਏਐਸਆਈ ਦਵਿੰਦਰ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਗੁਆਂਢੀ ਅਤੇ ਸੀਆਰਪੀਐਫ ਵਿਚ ਤਾਇਨਾਤ ਭੂਸ਼ਣ ਕੁਮਾਰ ਨੇ ਪਹਿਲਾਂ ਉਨ੍ਹਾਂ ਦੀ ਬਗੀਚੀ ਨੂੰ ਨੁਕਸਾਨ ਪਹੁੰਚਾਇਆ ਅਤੇ ਫਿਰ ਉਨ੍ਹਾਂ ਦੇ ਘਰ ਦੇ ਗਮਲੇ ਨੂੰ ਲੈ ਕੇ ਵਿਵਾਦ ਕੀਤਾ। ਇਸ ਤੋਂ ਇਲਾਵਾ, ਭੂਸ਼ਣ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ਼ਿਕਾਇਤਾਂ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕੀਤਾ।
ਦੂਜੇ ਪਾਸੇ ਸੀਆਰਪੀਐਫ ਜਵਾਨ ਭੂਸ਼ਣ ਕੁਮਾਰ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਝਗੜੇ ਦੌਰਾਨ ਉਨ੍ਹਾਂ ਦੇ ਘਰ ਦੇ ਬਾਹਰ ਤੋੜਫੋੜ ਕੀਤੀ ਗਈ ਅਤੇ ਭੂਸ਼ਣ ਕੁਮਾਰ ਦੀ ਪਤਨੀ ਨੇ ਉਨ੍ਹਾਂ ਦੇ ਗਹਿਣੇ ਖੋਹ ਲਏ। ਪਰਿਵਾਰ ਨੇ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਪੁਲੀਸ ਵਿਚ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ।
ਪੁਲੀਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਪੱਖਾਂ ਦੀਆਂ ਸ਼ਿਕਾਇਤਾਂ ਦਰਜ ਕਰ ਲਈਆਂ ਗਈਆਂ ਹਨ ਅਤੇ ਐੱਮਐਲਆਰ ਵੀ ਕਟਾ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮਾਮਲੇ ‘ਚ ਯੋਗ ਕਾਰਵਾਈ ਕੀਤੀ ਜਾਵੇਗੀ।
Published on: ਜਨਵਰੀ 23, 2025 5:30 ਬਾਃ ਦੁਃ