ਈਕੋਸਿਟੀ-1 ਵਿੱਚ ਬਿਜਲੀ, ਬਰਸਾਤੀ ਪਾਣੀ ਅਤੇ ਸਾਫ਼-ਸਫ਼ਾਈ ਦੀਆਂ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ
* ਗਮਾਡਾ ਦੀ ਟੀਮ ਨੇ ਜਲਦੀ ਹੱਲ ਕਰਨ ਦਾ ਦਿੱਤਾ ਭਰੋਸਾ
ਨਿਊ ਚੰਡੀਗੜ੍ਹ, 23 ਜਨਵਰੀ: ਦੇਸ਼ ਕਲਿੱਕ ਬਿਓਰੋ
ਗ੍ਰੇਟਰ ਮੋਹਾਲੀ ਅਰਬਨ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਨਿਊ ਚੰਡੀਗੜ੍ਹ ਟਾਊਨਸ਼ਿਪ ਵਿੱਚ ਈਕੋ ਸਿਟੀ-1 ਅਤੇ 2 ਮੁੱਖ ਰਿਹਾਇਸ਼ੀ ਕਲੋਨੀਆਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਪਰੰਤੂ ਇਥੇ ਐਸ.ਟੀ.ਪੀ., ਬਰਸਾਤੀ ਪਾਣੀ, ਬਿਜਲੀ, ਸੜਕਾਂ ਅਤੇ ਪਾਰਕਾਂ ਦੀ ਸਫ਼ਾਈ ਵਰਗੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਦੋਵੇਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਬਲਾਕ ਬੀ ਦੇ ਨੁਮਾਇੰਦਿਆਂ ਨੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਨਾਲ ਮੁਲਾਕਾਤ ਕੀਤੀ ਸੀ। ਇਸ ਸਬੰਧੀ ਵੀਰਵਾਰ ਨੂੰ ਗਮਾਡਾ ਦੀ ਸਮੁੱਚੀ ਟੀਮ ਜਿਸ ਵਿੱਚ ਐਸ.ਡੀ.ਓ. ਸਿਵਲ ਜਸਕਰਨ ਸਿੰਘ, ਐਸ.ਡੀ.ਓ. ਬਿਜਲੀ ਵਿਕਾਸ, ਐਸ.ਡੀ.ਓ. ਪਬਲਿਕ ਹੈਲਥ ਸੋਨੂੰ ਸਿੰਗਲ ਅਤੇ ਹੋਰ ਸਟਾਫ਼ ਨੇ ਈਕੋ ਸਿਟੀ-1, ਬਲਾਕ-ਬੀ ਦਾ ਦੌਰਾ ਕਰਕੇ ਮੌਕੇ ‘ਤੇ ਈਕੋ ਸਿਟੀ ਵਨ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਆਰ.ਡਬਲਯੂ.ਏ. ਦੇ ਕਾਰਜਕਾਰੀ ਮੈਂਬਰਾਂ ਨੇ ਗਮਾਡਾ ਅਧਿਕਾਰੀਆਂ ਨੂੰ ਦੱਸਿਆ ਕਿ ਬਲਾਕ ਦੇ ਸਿਰੇ ‘ਤੇ ਕੁਝ ਥਾਵਾਂ ‘ਤੇ ਸਟੌਰਮ ਵਾਟਰ ਪਾਈਪਾਂ ਨੂੰ ਨਹੀਂ ਜੋੜਿਆ ਗਿਆ। ਜਿਸ ਕਾਰਨ ਇੱਥੇ ਪਾਣੀ ਬੰਦ ਹੋ ਜਾਂਦਾ ਹੈ। ਪਿੰਡ ਵਾਸੀ ਗਊਆਂ ਦਾ ਗੋਹਾ ਈਕੋ ਸਿਟੀ ਦੀ ਬਾਹਰੀ ਸੜਕ ’ਤੇ ਸੁੱਟ ਦਿੰਦੇ ਹਨ, ਜਿਸ ਕਾਰਨ ਇੱਥੇ ਬਣੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਐਸ.ਡੀ.ਓ. ਸਿਵਲ ਨੇ ਕਿਹਾ ਕਿ ਇਹ ਦੋਵੇਂ ਸਮੱਸਿਆਵਾਂ ਜਲਦੀ ਹੀ ਹੱਲ ਕਰ ਦਿੱਤੀਆਂ ਜਾਣਗੀਆਂ। ਜਦੋਂ ਲੋਕਾਂ ਨੇ ਕਲੋਨੀ ਦੇ ਪਾਰਕਾਂ ਅਤੇ ਸੜਕਾਂ ਦੀ ਸਫਾਈ ਵਿਵਸਥਾ ਵੱਲ ਧਿਆਨ ਦਿਵਾਇਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਐਸਟੀਮੇਟ ਤਿਆਰ ਕਰਕੇ ਮੁੱਖ ਪ੍ਰਸ਼ਾਸਕ ਦੇ ਦਫ਼ਤਰ ਨੂੰ ਭੇਜ ਦਿੱਤਾ ਗਿਆ ਹੈ।
ਆਰ.ਡਬਲਿਊ.ਏ. ਦੇ ਕਾਰਜਕਾਰੀ ਮੈਂਬਰਾਂ ਸੰਤੋਸ਼ ਕੁਮਾਰ, ਹੇਮੰਤ ਚੌਹਾਨ, ਹਿਤੇਂਦਰ ਠਾਕੁਰ, ਜਗਦੀਸ਼ ਪਠਾਨੀਆ, ਜਸਪਾਲ ਸਿੰਘ ਨੇ ਗਮਾਡਾ ਦੀ ਟੀਮ ਦਾ ਧਿਆਨ ਇੱਥੋਂ ਦੀਆਂ ਓਵਰਹੈੱਡ ਬਿਜਲੀ ਦੀਆਂ ਤਾਰਾਂ, ਜ਼ਮੀਨਦੋਜ਼ ਬਿਜਲੀ ਦੀਆਂ ਤਾਰਾਂ ਵੱਲ ਵੀ ਦਿਵਾਇਆ। ਗਮਾਡਾ ਦੀ ਟੀਮ ਨੇ ਕਿਹਾ ਕਿ ਪਾਰਕਾਂ ਦੀਆਂ ਲਾਈਟਾਂ ਜਲਦੀ ਹੀ ਬਦਲ ਦਿੱਤੀਆਂ ਜਾਣਗੀਆਂ ਅਤੇ ਦੋ ਵੱਡੇ ਚੌਕਾਂ ਦੇ ਨੇੜੇ ਰੈੱਡ ਲਾਈਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇੱਥੋਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਹਿਲਾਂ ਬਲਾਕ ਬੀ ਅਤੇ ਸੀ ਦੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਹੈ, ਉਦੋਂ ਤੋਂ ਹੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਗਮਾਡਾ ਨੂੰ ਧਿਰ ਬਣਾਇਆ ਗਿਆ ਹੈ। ਇਹ ਜਾਣਕਾਰੀ ਆਰ.ਡਬਲਿਊ.ਏ. ਦੇ ਪ੍ਰੈੱਸ ਸਕੱਤਰ ਹੇਮੰਤ ਚੌਹਾਨ ਨੇ ਦਿੱਤੀ।
Published on: ਜਨਵਰੀ 23, 2025 8:48 ਬਾਃ ਦੁਃ