ਸੀਬਾ ਕੈਂਪਸ ਵਿਚ ਰੂਹਾਨੀ ਸੂਫੀ ਸ਼ਾਮ ਦਾ ਆਯੋਜਨ
ਫੈਰੋ-ਫਲਿਊਡ ਗਰੁੱਪ ਵਲੋਂ ਅੱਠ ਸਦੀਆਂ ਦੇ ਗੀਤਾਂ ਦੀ ਨਿਵੇਕਲੇ ਅੰਦਾਜ਼ ‘ਚ ਪੇਸ਼ਕਾਰੀ
ਵਿੱਤ ਮੰਤਰੀ ਚੀਮਾ ਅਤੇ ਡੀ ਸੀ ਸੰਦੀਪ ਰਿਸ਼ੀ ਵਲੋਂ ਵਿਰਸੇ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ
ਲਹਿਰਾਗਾਗਾ, 28 ਜਨਵਰੀ (ਰਣਦੀਪ ਸੰਗਤਪੁਰਾ, ਨਰਿੰਦਰ ਸਿੰਗਲਾ)
ਮਾਲਵਾ ਹੇਕ ਅਤੇ ਮੀਡੀਆ ਆਰਟਿਸਟ ਗਰੁੱਪ ਵਲੋਂ ਸਥਾਨਕ ਸੀਬਾ ਸਕੂਲ, ਲਹਿਰਾਗਾਗਾ ਵਿਚ ਰੂਹਾਨੀ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ‘ਫੈਰੋ-ਫਲਿਊਡ’ ਬੈਂਡ ਨੇ ਅੱਠ ਸਦੀਆਂ ਦੇ ਗੀਤਾਂ ਦੀ ਪੇਸ਼ਕਾਰੀ ਆਪਣੇ ਨਿਵੇਕਲੇ ਅੰਦਾਜ਼ ਵਿਚ ਕੀਤੀ। ਤਾਰਿਆਂ ਦੀ ਲੋਅ ਹੇਠਾਂ ਰੂਹਾਨੀਅਤ ਰੰਗ ਵਿਚ ਰੰਗੀ ਇਸ ਸੂਫੀ ਸੰਗੀਤ ਸ਼ਾਮ ਦਾ ਆਗਾਜ਼ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਇਸ ਬੈਂਡ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਇਹ ਗਰੁੱਪ ਸ਼ੋਰ ਸ਼ਰਾਬੇ ਵਾਲੀ ਗਾਇਕੀ ਦੇ ਦੌਰ ਵਿਚ ਇਕ ਵਿਰਾਸਤ ਨਾਲ ਜੁੜੀ ਕਵਿਤਾ ਅਤੇ ਵਿਲੱਖਣ ਸ਼ੈਲੀ ਦੇ ਕੇ ਉਭਰ ਕੇ ਸਾਹਮਣੇ ਆਇਆ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਲਾਘਾ ਕਰਦਿਆਂ ਕਿਹਾ ਅਜਿਹੇ ਵਿਰਾਸਤ ਭਰੀ ਸ਼ਾਮ ਦੌਰਾਨ ਜਿੱਥੇ ਪੰਜਾਬ ਦਾ ਸੱਭਿਆਚਾਰ ਵਿਰਸਾ ਅਤੇ ਅਮੀਰ ਮਾਂ ਬੋਲੀ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਕਿਹਾ ਅੱਜ ਦੀ ਨਵੀਂ ਪੀੜ੍ਹੀ ਲਈ ਇਹ ਪ੍ਰੋਗਰਾਮ ਰਾਹ ਦਸੇਰਾ ਹੈ। ਸ਼੍ਰੀ ਸੰਦੀਪ ਰਿਸ਼ੀ ਨੇ ‘ਫੈਰੋ-ਫਲਿਊਡ’ ਗਰੁੱਪ ਦੀ ਵਿਰਾਸਤੀ ਕਵਿਤਾ ਅਤੇ ਸੰਗੀਤ ਸ਼ੈਲੀ ਨੂੰ ਸਾਂਭਣ ਲਈ ਸ਼ਲਾਘਾ ਕੀਤੀ।’ਫੈਰੋ-ਫਲਿਊਡ’ ਦੀ ਟੀਮ ਵਿਚ ਸ਼ਾਮਲ ਗਾਇਕ ਲਵਗੁਲਸ਼ਨ, ਨਾਦਰ ਨੂਰ, ਪ੍ਰਭ ਸੰਘਾ, ਅਮਨ ਦੇ ਨਾਲ ਕੰਵਲਪ੍ਰੀਤ ਸਿੰਘ ਉੱਪਲ ਦੇ ਸ਼ਬਦ ਅਤੇ ਬੋਲਣ ਦੇ ਅੰਦਾਜ਼ ਨੇ ਸਭਨਾਂ ਨੂੰ ਕੀਲ ਲਿਆ। ਗਾਇਕਾਂ ਨੇ ਸਾਰੰਗੀ, ਬੰਸਰੀ, ਢੱਡ ਅਤੇ ਢੋਲ ਦੇ ਨਾਲ ਨਾਲ ਗਿਟਾਰ ਜਿਹੇ ਆਧੁਨਿਕ ਸਾਜਾਂ ਵਿੱਚ ਬਾਬਾ ਬੁੱਲੇ ਸ਼ਾਹ ਦੀ ਕਾਫ਼ੀ ਨਾਲ ਪ੍ਰੋਗਰਾਮ ਸ਼ੁਰੂ ਕਰਕੇ ਬਾਬਾ ਫਰੀਦ, ਬਾਬਾ ਨਾਨਕ, ਮੀਆਂ ਮੁਹੰਮਦ ਬਖ਼ਸ਼, ਸੁਲਤਾਨ ਬਾਹੂ, ਅਮੀਰ ਖੁਸਰੋ, ਸ਼ਾਹ ਹੁਸੈਨ, ਵਾਰਿਸ ਸ਼ਾਹ, ਭਾਈ ਵੀਰ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਕਲਾਮ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੇ ਅਤੇ ਇਸ ਲੜੀ ਨੂੰ ਜੋੜਨ ਵਾਲੇ ਭਾਵੁਕ ਸ਼ਬਦਾਂ ਨਾਲ ਹੋਰ ਵੀ ਰੰਗ ਬੰਨਿਆ। ਪੂਰੀ ਪੇਸ਼ਕਾਰੀ ਦੌਰਾਨ ਉਨ੍ਹਾਂ ਦਰਸ਼ਕਾਂ ਦੀਆਂ ਬਿਰਤੀਆਂ ਨੂੰ ਅੰਬਰਾਂ ਵਿਚ ਰੂਹਾਨੀ ਉਡਾਰੀਆਂ ਲਾਉਣ ਲਈ ਮਜ਼ਬੂਰ ਕਰ ਦਿੱਤਾ। ਕੌਣ ਕਰੇ ਗਮਕਾਰੀ, ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ, ਰਾਂਝਾ ਵਸੇ ਕਿਹੜੇ ਦੇਸ਼, ਮਿੱਤਰ ਪਿਆਰੇ ਨੂੰ ਤੇ ਚੱਲ ਮੇਲੇ ਨੂੰ ਚੱਲੀਏ ਗੀਤਾਂ ਨਾਲ ਸਰੋਤਿਆਂ ਅੰਦਰ ਚਿਰ ਸਥਾਈ ਪ੍ਰਭਾਵ ਛੱਡਿਆ। ਇਸ ਮੌਕੇ ਅਮਰਜੀਤ ਸਿੰਘ ਚੇਅਰਮੈਨ ਵੇਰਕਾ, ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ, ਪਵਿੱਤਰ ਸਿੰਘ ਗੰਢੂਆਂ, ਮਾਸਟਰ ਜਗਸੀਰ ਜੱਗੀ, ਸੁਖਵਿੰਦਰ ਸਿੰਘ ਚੌਹਾਨ ਐਸ.ਪੀ, ਦੀਪਇੰਦਰ ਸਿੰਘ ਜੇਜੀ ਡੀ.ਐਸ.ਪੀ, ਫੈਪ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ, ਰੌਬੀ ਬੈਣੀਪਾਲ ਆਸਟਰੇਲੀਆ, ਪ੍ਰੋ. ਗੁਰਦਾਸ ਸਿੰਘ ਪਾਪੜਾ, ਕੰਵਰਜੀਤ ਲੱਕੀ ਧਾਲੀਵਾਲ, ਡਾ. ਵਿਨੋਦ ਭਾਰਦਵਾਜ, ਪ੍ਰਸ਼ਾਂਤ ਕੁਮਾਰ, ਸਨਮੀਕ ਹੈਨਰੀ, ਗੁਰਪ੍ਰੀਤ ਧਰਮਗੜ੍ਹ, ਰਣਧੀਰ ਖਾਈ ਅਤੇ ਗੁਰਲਾਲ ਸਿੰਘ ਸਮੇਤ ਵੱਡੀ ਗਿਣਤੀ ‘ਚ ਸਰੋਤੇ ਮੌਜੂਦ ਸਨ। ਮੰਚ ਸੰਚਾਲਨ ਡਾ. ਜਗਦੀਸ਼ ਪਾਪੜਾ ਨੇ ਬਾਖੂਬੀ ਕੀਤਾ।
Published on: ਜਨਵਰੀ 28, 2025 3:09 ਬਾਃ ਦੁਃ