ਅੰਮ੍ਰਿਤਸਰ, 4 ਫਰਵਰੀ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ’ਚ ਬੀਤੀ ਰਾਤ ਇੱਕ ਹੋਰ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਾਕਾ ਅੰਮ੍ਰਿਤਸਰ ਬਾਈਪਾਸ ਵਿਖੇ ਸਥਿਤ ਫਤਿਹਗੜ੍ਹ ਚੂੜੀਆਂ ਪੁਲਿਸ ਚੌਕੀ ਵਿੱਚ ਰਾਤ ਲਗਭਗ 8 ਵਜੇ ਦੇ ਕਰੀਬ ਸੁਣਿਆ ਗਿਆ। ਇਸ ਧਮਾਕੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਪਰ ਘਟਨਾ ਵਾਲੀ ਥਾਂ ’ਤੇ 6×6 ਇੰਚ ਦਾ ਖੱਡਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, ਕਿਸੇ ਵੀ ਅੱਤਵਾਦੀ ਸੰਗਠਨ ਵੱਲੋਂ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ।
ਜਿਸ ਫਤਿਹਗੜ੍ਹ ਚੂੜੀਆਂ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਪਿਛਲੇ ਸਾਲ ਬੰਦ ਕਰ ਦਿੱਤੀ ਗਈ ਸੀ। ਧਮਾਕੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਰ ਅਧਿਕਾਰੀਆਂ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਹਾਲਾਤਾਂ ਦੀ ਜਾਣਕਾਰੀ ਲਈ। ਉਨ੍ਹਾਂ ਨੇ ਧਮਾਕੇ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਨੇੜੇ ਹੀ ਪੁਲਿਸ ਟੀਮ ਵੱਲੋਂ ਨਾਕਾ ਲਾਇਆ ਗਿਆ ਸੀ। ਜਿਵੇਂ ਹੀ ਧਮਾਕੇ ਦੀ ਆਵਾਜ਼ ਆਈ, ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਪਰ ਉੱਥੇ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।
ਪੁਲਿਸ ਕਮਿਸ਼ਨਰ ਨੇ ਇਸਨੂੰ ਗ੍ਰੇਨੇਡ ਹਮਲਾ ਕਹਿਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਗ੍ਰੇਨੇਡ ਦਾ ਅਸਰ ਕਾਫੀ ਵੱਡਾ ਹੁੰਦਾ ਹੈ, ਪਰ ਇੱਥੇ ਉਹ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਇਸ ਲਈ ਕਿਸੇ ਵੀ ਤਰੀਕੇ ਦਾ ਪੈਨਿਕ ਪੈਦਾ ਨਾ ਕੀਤਾ ਜਾਵੇ ਅਤੇ ਨਾ ਹੀ ਕੋਈ ਅਫਵਾਹ ਫੈਲਾਈ ਜਾਵੇ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਚੌਕੀ ਪਹਿਲਾਂ ਚਲਦੀ ਸੀ, ਪਰ ਪਿਛਲੇ ਸਾਲ ਇਹ ਬੰਦ ਕਰ ਦਿੱਤੀ ਗਈ ਸੀ। ਹੁਣ ਇਹਦੀ ਜਨਤਕ ਤੌਰ ’ਤੇ ਕੋਈ ਵਰਤੋਂ ਨਹੀਂ ਹੁੰਦੀ।
Published on: ਫਰਵਰੀ 4, 2025 7:11 ਪੂਃ ਦੁਃ