ਡਾਕਟਰੀ ਪੇਸ਼ਾ ਛੱਡ ਕੇ ਮਿੱਟੀ ਦੀ ਸਿਹਤ ਸੁਧਾਰਨ ਦਾ ਬੀੜਾ ਚੁੱਕਿਆ ਡਾਕਟਰ ਅਸ਼ਵਨੀ ਵਾਟਸ ਨੇ
ਫਾਜ਼ਿਲਕਾ 5 ਫਰਵਰੀ, ਦੇਸ਼ ਕਲਿੱਕ ਬਿਓਰੋ
ਅਬੋਹਰ ਦੇ ਡਾ ਅਸ਼ਵਨੀ ਵਾਟਸ ਡਾਕਟਰੀ ਛੱਡ ਕੇ ਖੇਤਾਂ ਦੇ ਮਿੱਟੀ ਦੀ ਸਿਹਤ ਸੁਧਾਰਨ ਦੇ ਕਾਰਜ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਸਰਕਾਰ ਤੇ ਨਵੀਨੀਕਰਨ ਊਰਜਾ ਮੰਤਰਾਲੇ ਦੇ ਸਹਿਯੋਗ ਨਾਲ ਅਬੋਹਰ ਨੇੜੇ ਪਿੰਡ ਚੱਕ ਕਾਲਾ ਟਿੱਬਾ ਵਿਖੇ ਪਸੂਆਂ ਦੇ ਗੋਬਰ ਤੋਂ ਐਨਆਰਓਬਿਕ ਡਾਈਜੈਸਟਰ ਰਾਹੀਂ ਵਧੀਆ ਖਾਦ ਬਣਾਉਣ ਦਾ ਪ੍ਰੋਜੈਕਟ ਲਗਾਇਆ ਹੈ।
ਡਾ ਅਸ਼ਵਨੀ ਵਾਟਸ ਆਪਣੇ ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ ਕਿ ਸਰਕਾਰ ਦੇ ਸਹਿਯੋਗ ਨਾਲ ਲੱਗੇ ਇਸ ਪ੍ਰੋਜੈਕਟ ਵਿੱਚ ਮੱਝਾਂ ਗਾਵਾਂ ਦੇ ਗੋਬਰ ਨੂੰ ਐਨਆਰਓਬਿਕ ਡਾਈਜੈਸਟਰ ਰਾਹੀਂ 60 ਦਿਨਾਂ ਵਿੱਚ ਇੱਕ ਉੱਤਮ ਖਾਦ ਵਿੱਚ ਤਬਦੀਲ ਕੀਤਾ ਜਾਂਦਾ ਹੈ। ਉਹ ਦੱਸਦੇ ਹਨ ਕਿ ਇਸ ਦੌਰਾਨ ਸੀਐਨਜੀ ਗੈਸ ਵੀ ਪੈਦਾ ਹੁੰਦੀ ਹੈ।
ਡਾ ਅਸ਼ਵਨੀ ਵਾਟਸ ਆਖਦੇ ਹਨ ਕਿ ਸਾਡੀ ਜਮੀਨ ਵਿੱਚ ਕਾਰਬਨਿਕ ਮਾਦੇ ਦੀ ਬਹੁਤ ਘਾਟ ਹੈ ਜਿਸ ਕਰਕੇ ਜਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਇਸ ਕਾਰਬਨਿਕ ਮਾਦੇ ਨੂੰ ਜਮੀਨ ਵਿੱਚ ਵਧਾਉਣ ਲਈ ਐਨਆਰਓਬਿਕ ਡਾਈਜੈਸਟਰ ਰਾਹੀਂ ਤਿਆਰ ਗੋਹੇ ਦੀ ਖਾਦ ਬਹੁਤ ਹੀ ਉਪਯੋਗੀ ਸਿੱਧ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰਾਂ ਦੀ ਖਾਦ ਵਿੱਚ ਬਹੁਤ ਸਾਰੇ ਉਪਯੋਗੀ ਬੈਕਟੀਰੀਆ ਹੁੰਦੇ ਹਨ ਜੋ ਜਮੀਨ ਵਿੱਚ ਪਏ ਹੋਏ ਤੱਤਾਂ ਨੂੰ ਵੀ ਪੌਦਿਆਂ ਨੂੰ ਉਪਲਬਧ ਕਰਾਉਣ ਵਿੱਚ ਸਹਾਈ ਹੁੰਦੇ ਹਨ। ਉਹ ਆਖਦੇ ਹਨ ਕਿ ਉਹ ਇਸ ਖਾਦ ਰਾਹੀਂ ਸੇਮ ਅਤੇ ਕਲਰ ਵਾਲੀ ਜਮੀਨ ਵਿੱਚ ਵੀ ਔਰਗੈਨਿਕ ਤਰੀਕੇ ਨਾਲ ਫਸਲਾਂ ਦੀ ਪੈਦਾਵਾਰ ਲੈ ਰਹੇ ਹਨ। ਅਤੇ ਬਹੁਤ ਸਾਰੇ ਕਿਸਾਨ ਵੀ ਉਹਨਾਂ ਤੋਂ ਇਹ ਖਾਦ ਲੈ ਕੇ ਜਾਂਦੇ ਹਨ। ਉਹ ਇਹ ਖਾਦ ਤਰਲ ਅਤੇ ਠੋਸ ਦੋਨੋਂ ਪ੍ਰਕਾਰ ਨਾਲ ਉਪਲਬਧ ਕਰਵਾਉਂਦੇ ਹਨ। ਉਹ ਆਖਦੇ ਹਨ ਕਿ ਸਰਕਾਰ ਦੀ ਇਸ ਸਕੀਮ ਨਾਲ ਲੱਗੇ ਇਸ ਪ੍ਰੋਜੈਕਟ ਨਾਲ ਜੋ ਗੈਸ ਤਿਆਰ ਹੁੰਦੀ ਹੈ ਉਹ ਪੂਰੀ ਤਰਾਂ ਵਾਤਾਵਰਨ ਪੱਖੀ ਹੈ।
ਇਸ ਤਰਾਂ ਦੇ ਪ੍ਰੇਜ਼ੈਕਟਾਂ ਲਈ ਸਰਕਾਰ ਵੱਲੋਂ ਸਬਸਿਡੀ ਵੀ ਮੁਹਈਆ ਕਰਵਾਈ ਜਾਂਦੀ ਹੈ। ਹੋਰ ਲੋਕ ਵੀ ਇਸ ਤਰਾਂ ਦੇ ਪ੍ਰੋਜੈਕਟ ਲਗਾਉਣ ਲਈ ਅੱਗੇ ਆ ਸਕਦੇ ਹਨ।
Published on: ਫਰਵਰੀ 5, 2025 2:23 ਬਾਃ ਦੁਃ