ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਤਰਨ ਤਾਰਨ ਤੋਂ ਵਿਦਿਆਰਥਣਾਂ ਦੀ ਅਨੀਮੀਆ ਜਾਂਚ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ

ਸਿੱਖਿਆ \ ਤਕਨਾਲੋਜੀ ਪੰਜਾਬ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਤਰਨ ਤਾਰਨ ਤੋਂ ਵਿਦਿਆਰਥਣਾਂ ਦੀ ਅਨੀਮੀਆ ਜਾਂਚ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ

ਬੱਚੀਆਂ ਦੀ ਨਰੋਈ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਮੁਹਿੰਮ ਨੂੰ ਜਲਦ ਹੀ ਸਾਰੇ ਜ਼ਿਲ੍ਹਿਆਂ ਵਿੱਚ ਕੀਤਾ ਜਾਵੇਗਾ ਸ਼ੁਰੂ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ ਕੈਂਪ ਲਗਾਕੇ ਕੀਤੀ ਜਾਵੇਗੀ ਲੜਕੀਆਂ ਦੀ ਅਨੀਮੀਆ ਜਾਂਚ


ਤਰਨ ਤਾਰਨ/ਚੰਡੀਗੜ੍ਹ, 06 ਫਰਵਰੀ: ਦੇਸ਼ ਕਲਿੱਕ ਬਿਓਰੋ

ਅਨੀਮੀਆ ਮੁਕਤ ਪੰਜਾਬ ਬਣਾਉਣ ਦੇ ਮੰਤਵ ਨਾਲ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਰਨ ਤਾਰਨ ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੀਆਂ ਵਿਦਿਆਰਥਣਾਂ ਦੀ ਅਨੀਮੀਆ ਜਾਂਚ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਮੁਹਿੰਮ ਦੇ ਪਹਿਲੇ ਦਿਨ 10 ਟੀਮਾਂ ਵੱਲੋਂ ਲੱਗਭੱਗ 1152 ਵਿਦਿਆਰਥਣਾਂ ਦੀ ਅਨੀਮੀਆ ਜਾਂਚ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਜੀਵ ਕੁਮਾਰ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਅਰਵਿੰਦਰਪਾਲ ਸਿੰਘ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਇੱਕ ਨਾਗਰਿਕ ਦੀ ਚੰਗੀ ਨਰੋਈ ਸਿਹਤ ਪ੍ਰਤੀ ਵਚਨਬੱਧ ਹੈ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਅਨੀਮੀਆ ਮੁਕਤ ਪੰਜਾਬ ਬਣਾਉਣ ਦੇ ਮੰਤਵ ਨਾਲ ਸਕੂਲਾਂ ਦੇ ਵਿੱਚ ਪੜਨ ਵਾਲੀਆਂ ਬੱਚੀਆਂ ਦੇ ਖੂਨ ਜਾਂਚ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਸ਼ੁਰੂਆਤੀ ਦੌਰ ਦੌਰਾਨ ਜ਼ਿਲਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਦੇ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਵਿੱਚ ਪੜਨ ਵਾਲੀਆਂ ਲਗਭਗ 30 ਹਜ਼ਾਰ ਦੇ ਕਰੀਬ ਬੱਚੀਆਂ ਦੇ ਖੂਨ ਦੀ ਜਾਂਚ ਕਰ ਕੇ ਅਨੀਮੀਆ ਦਾ ਪਤਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਜਿਹੜੀਆਂ ਵੀ ਬੱਚੀਆਂ ਅਨੀਮੀਆ ਤੋਂ ਪੀੜਿਤ ਪਾਈਆਂ ਜਾਣਗੀਆਂ, ਉਹਨਾਂ ਦਾ ਤੁਰੰਤ ਇਲਾਜ ਵੀ ਯਕੀਨੀ ਬਣਾਇਆ ਜਾਵੇਗਾ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਡੀਆਂ ਬੇਟੀਆਂ ਦੀ ਚੰਗੀ ਸਰੀਰਕ ਅਤੇ ਮਾਨਸਿਕ ਸਿਹਤ ਸਰੀਰ  ਵਿੱਚ ਹੀਮੋਗਲੋਬਿਨ ਲੈਵਲ ਉੱਤੇ ਨਿਰਭਰ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਤਿਹਾਸਿਕ ਸ਼ਹਿਰ ਤਰਨ ਤਾਰਨ ਤੋਂ ਅਨੀਮੀਆ ਜਾਂਚ ਮੁਹਿੰਮ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਬੱਚੀਆਂ ਦੀ ਨਰੋਈ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਹੀ ਇਸ ਮੁਹਿੰਮ ਨੂੰ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਅਨੀਮੀਆ ਮੁਕਤ ਪੰਜਾਬ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
ਉਹਨਾਂ ਦੱਸਿਆ ਕਿ ਸੂਬਾ ਸਰਕਾਰ ਸਕੂਲਾਂ ਦੇ ਵਿੱਚ ਪੜਨ ਵਾਲੀਆਂ ਵਿਦਿਆਰਥਣਾਂ ਦੀ ਜਾਂਚ ਇੱਕ ਬਹੁਤ ਹੀ ਆਧੁਨਿਕ ਉਪਕਰਨ ਦੇ ਨਾਲ ਕੀਤੀ ਜਾਵੇਗੀ, ਜਿੱਥੇ ਵਿਦਿਆਰਥਣਾਂ ਨੂੰ ਬਿਨਾਂ ਸੂਈ ਚੁਭਾਏ ਹੀਮੋਗਲੋਬਿਨ ਲੈਵਲ ਅਤੇ ਅਨੀਮੀਆ ਦਾ ਪਤਾ ਚੱਲ ਸਕੇਗਾ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਇੱਕ ਤੰਦਰੁਸਤ ਜੀਵਨ ਬਤੀਤ ਕਰਨ ਲਈ ਸਰੀਰ ਦੇ ਵਿੱਚ ਹੀਮੋਗਲੋਬਿਨ ਲੈਵਲ ਦੀ ਸਹੀ ਮਾਤਰਾ ਦਾ ਹੋਣਾ ਬਹੁਤ ਹੀ ਲਾਜ਼ਮੀ ਹੈ ਅਤੇ ਜੇਕਰ ਕੋਈ ਅਨੀਮੀਆ ਤੋਂ ਪੀੜਤ ਹੈ ਤਾਂ ਉਹ ਨਾ ਤਾਂ ਸਹੀ ਢੰਗ ਨਾਲ ਪੜ੍ਹ ਸਕੇਗਾ ਅਤੇ ਨਾ ਹੀ ਕਿਸੇ ਹੋਰ ਗਤੀਵਿਧੀ ਦੇ ਵਿੱਚ ਭਾਗੀਦਾਰੀ ਲੈ ਸਕੇਗੀ।
ਡਾ. ਬਲਜੀਤ ਕੌਰ ਨੇ ਬੱਚਿਆਂ ਨੂੰ ਸਿੱਖਿਆ ਦਿੰਦਿਆਂ ਕਿਹਾ ਕਿ ਉਹ ਚੰਗੀ ਪੋਸ਼ਟਿਕ ਖੁਰਾਕ ਖਾਣ ਅਤੇ ਬਾਜ਼ਾਰੀ ਖਾਣੇ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਸਾਡੇ ਸਮਾਜ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਬੱਚੀਆਂ ਨੂੰ ਆਪਣੇ ਮਿਥੇ ਹੋਏ ਟੀਚੇ ਪ੍ਰਾਪਤ ਕਰਨ ਲਈ ਮੌਕੇ ਦੇਣੇ ਚਾਹੀਦੇ ਹਨ ਅਤੇ ਮਾਤਾ ਪਿਤਾ ਆਪਣੀਆਂ ਧੀਆਂ ਦੇ ਪੋਸ਼ਟਿਕ ਖੁਰਾਕ ਪ੍ਰਤੀ ਵਿਸ਼ੇਸ਼ ਧਿਆਨ ਦੇਣ।
ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਵਿਰੁੱਧ ਵੀ ਠੋਸ ਕਦਮ ਚੁੱਕੇ ਜਾ ਰਹੇ ਹਨ।ਉਹਨਾਂ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਹੁਣ ਤੱਕ 261 ਬੱਚਿਆਂ ਨੂੰ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਮੁਕਤ ਕਰਵਾ ਕੇ ਮੁੱਖ ਧਾਰਾ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਅਤੇ ਵਿਭਾਗ ਦੀ ਸ਼ਕਾਲਰਸ਼ਿੱਪ ਸਕੀਮ ਤਹਿਤ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਅਨੀਮੀਆ ਜਾਂਚ ਲਈ ਸਿਹਤ ਵਿਭਾਗ ਨੂੰ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਗਏ ਹਨ, ਜਿੰਨਾਂ ਰਾਹੀਂ ਕੁਝ ਹੀ ਮਿੰਟਾਂ ਦੇ ਵਿੱਚ ਵਿਦਿਆਰਥਣਾਂ ਦੇ ਹੀਮੋਗਲੋਬਿਨ ਲੈਵਲ ਦਾ ਪਤਾ ਲਗਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤ ਵਿੱਚ ਪੜਨ ਵਾਲੀਆਂ ਲੜਕੀਆਂ ਦੀ ਵਿਸ਼ੇਸ ਕੈਂਪ ਲਗਾਕੇ ਅਨੀਮੀਆ ਜਾਂਚ ਕੀਤੀ ਜਾਵੇਗੀ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਵੱਲੋਂ ਅਨੀਮੀਆ ਦੇ ਸਰੀਰ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਨੂੰ ਮਿਲੇ ਆਧੁਨਿਕ ਉਪਕਰਨਾ ਰਾਹੀਂ ਬੱਚੀਆਂ ਦੀ ਅਨੀਮੀਆ ਸਕਰੀਨਿੰਗ ਬਹੁਤ ਹੀ ਆਸਾਨ ਹੋਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਿਹੜੀਆਂ ਵੀ ਬੱਚੀਆਂ ਨੂੰ ਅਨੀਮੀਆ ਤੋਂ ਪੀੜਤ ਪਾਇਆ ਜਾਵੇਗਾ, ਉਹਨਾਂ ਦਾ ਤੁਰੰਤ ਇਲਾਜ ਸ਼ੁਰੂ ਕਰਕੇ ਅਨੀਮੀਆ ਨੂੰ ਦੂਰ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਰਾਹੁਲ ਅਰੋੜਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗਗਨਦੀਪ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਅਤੇ ਸ਼੍ਰੀਮਤੀ ਰਵਿੰਦਰ ਕੌਰ ਅਹਲੂਵਾਲੀਆਂ ਪ੍ਰਿੰਸੀਪਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Published on: ਫਰਵਰੀ 6, 2025 6:06 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।