ਚੰਦਭਾਨ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ: ਇਨਕਲਾਬੀ ਕੇਂਦਰ
ਦਲਜੀਤ ਕੌਰ
ਚੰਡੀਗੜ੍ਹ, 8 ਫਰਵਰੀ, 2025: ਪੰਜਾਬ ਇਨਕਲਾਬੀ ਕੇਂਦਰ, ਪੰਜਾਬ ਪਿੰਡ ਚੰਦ ਭਾਨ ਵਿਖੇ ਮਜ਼ਦੂਰਾਂ ਤੇ ਪੁਲਿਸ ਦਰਮਿਆਨ ਹੋਏ ਟਕਰਾਅ ਅਤੇ ਪੁਲਿਸ ਵੱਲੋਂ ਲਾਠੀ ਚਾਰਜ ਕਰਕੇ 40 ਦੇ ਕਰੀਬ ਮਜ਼ਦੂਰ ਮਰਦ-ਔਰਤਾਂ ਨੂੰ ਗ਼੍ਰਿਫ਼ਤਾਰ ਕਰਨ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਸੂਬਾ ਆਗੂਆਂ ਮੁਖਤਿਆਰ ਸਿੰਘ ਪੂਹਲਾ, ਜਸਵੰਤ ਸਿੰਘ ਜੀਰਖ ਅਤੇ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਚੰਦਭਾਨ ਵਿਖੇ ਮਾਮੂਲੀ ਮਸਲੇ ਨੂੰ ਲੈਕੇ ਹੋਏ ਇਸ ਟਕਰਾਅ ਨੂੰ ਬੇਹੱਦ ਮੰਦਭਾਗਾ ਦੱਸਿਆ ਤੇ ਇਸ ਮਸਲੇ ਨੂੰ ਵੱਡੇ ਟਕਰਾਅ ਵਿੱਚ ਬਦਲਣ ਲਈ ਥਾਣਾ ਜੈਤੋ ਮੁਖੀ ਰਜੇਸ਼ ਕੁਮਾਰ ਨੂੰ ਇਸ ਮਸਲੇ ਦਾ ਜ਼ਿੰਮੇਵਾਰ ਕਰਾਰ ਦਿੱਤਾ। ਇਹ ਘਟਨਾ ਵਾਪਰ ਜਾਣ ਤੋਂ ਬਾਅਦ ਦਹਿਸ਼ਤ ਪਾਉਣ ਲਈ ਪਿੰਡ ਵਿੱਚ ਕੀਤੀ ਜਾ ਰਹੀ ਛਾਪੇਮਾਰੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਅਤੇ ਮਜ਼ਦੂਰਾਂ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਹ ਘਟਨਾ ਵਾਪਰਨ ਤੋਂ ਬਾਅਦ ਵੀ ਥਾਣਾ ਮੁਖੀ ਦਾ ਵਤੀਰਾ ਬੇਹਦ ਹੰਕਾਰੀ ਰਿਹਾ। ਜਿਸ ਨੇ ਮਜ਼ਦੂਰਾਂ ਦਾ ਰੋਸ ਤਿੱਖਾ ਕਰ ਦਿੱਤਾ ਅਤੇ ਮਜ਼ਦੂਰਾਂ ਨੂੰ ਸੜਕ ਤੇ ਧਰਨਾ ਮਾਰ ਕੇ ਬੈਠਣ ਲਈ ਮਜਬੂਰ ਹੋਣਾ ਪਿਆ। ਜੈਤੋ ਪੁਲਿਸ ਇਸ ਸਥਿਤੀ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਨਖਿੱਧ ਸਾਬਤ ਹੋਈ। ਪੁਲਿਸ ਦੀ ਹਾਜ਼ਰੀ ਵਿੱਚ ਕੁੱਝ ਲੋਕਾਂ ਵੱਲੋਂ ਮਜ਼ਦੂਰਾਂ ਤੇ ਸ਼ਰੇਆਮ ਫਾਇਰਿੰਗ ਕੀਤੀ ਗਈ, ਥਾਣਾ ਮੁਖੀ ਵੱਲੋਂ ਉਸ ਨੂੰ ਰੋਕਣ ਦੀ ਬਜਾਏ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ। ਆਗੂਆਂ ਕਿਹਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਤੇ ਮੌਕੇ ਸਿਰ ਕਾਰਵਾਈ ਕਰਦੀ ਤਾਂ ਇਹ ਮੰਦਭਾਗੀ ਘਟਨਾ ਵਾਪਰਨ ਤੋਂ ਰੁਕ ਸਕਦੀ ਸੀ। ਇਹ ਮਾਮਲਾ ਪਿੰਡ ਦੇ ਮਜ਼ਦੂਰਾਂ ਵੱਲੋਂ ਇੱਕ ਵਿਅਕਤੀ ਨੂੰ ਆਪਣਾ ਗੰਦਾ ਪਾਣੀ ਮਜ਼ਦੂਰ ਬਸਤੀ ਵੱਲ ਪਾਉਣ ਤੋਂ ਰੋਕਣ ਕਾਰਨ ਵਧਿਆ। ਮਸਲੇ ਨੂੰ ਸਹੀ ਢੰਗ ਨਾਲ ਹੱਲ ਕਰਨ ਦੀ ਥਾਂ ਹਲਕਾ ਵਿਧਾਇਕ ਵੋਟਾਂ ਦੀ ਫ਼ਸਲ ਮੁੰਨਣ ਦੀ ਝਾਕ ਹੇਠ ਦੋਸ਼ੀਆਂ ਦਾ ਪੱਖ ਪੂਰ ਰਿਹਾ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ 40 ਮਜ਼ਦੂਰਾਂ ਖਿਲਾਫ਼ ਸਖ਼ਤ ਧਾਰਾਵਾਂ ਦਰਜ਼ ਕੀਤੇ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ। ਮਜ਼ਦੂਰਾਂ ਉੱਪਰ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸ਼ਹਿ ਦੇਣ ਵਾਲੇ ਮੁੱਖ ਥਾਣਾ ਅਫ਼ਸਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
Published on: ਫਰਵਰੀ 8, 2025 8:46 ਬਾਃ ਦੁਃ