ਚੰਦਭਾਨ ਦੇ ਮਜ਼ਦੂਰਾਂ ਤੇ ਜ਼ਬਰ ਖਿਲਾਫ਼ ਲੜਨ ਵਾਲੀਆਂ ਜਥੇਬੰਦੀਆਂ ਨੂੰ ਪਹਿਲੀ ਜਿੱਤ ਦੀ ਵਧਾਈ: ਮਨਜੀਤ ਧਨੇਰ 

Punjab

ਚੰਦਭਾਨ ਦੇ ਮਜ਼ਦੂਰਾਂ ਤੇ ਜ਼ਬਰ ਖਿਲਾਫ਼ ਲੜਨ ਵਾਲੀਆਂ ਜਥੇਬੰਦੀਆਂ ਨੂੰ ਪਹਿਲੀ ਜਿੱਤ ਦੀ ਵਧਾਈ: ਮਨਜੀਤ ਧਨੇਰ 

ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਮਜ਼ਦੂਰਾਂ ਦਾ ਦੇਵਾਂਗੇ ਸਾਥ: ਹਰਨੇਕ ਮਹਿਮਾ

ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਅਣਸਰਦੀ ਲੋੜ: ਗੁਰਦੀਪ ਰਾਮਪੁਰਾ

ਦਲਜੀਤ ਕੌਰ 

ਚੰਡੀਗੜ੍ਹ, 12 ਫਰਵਰੀ, 2025: ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਚੰਦਭਾਨ ਦੇ ਮਜ਼ਦੂਰਾਂ ਤੇ ਹੋਏ ਜ਼ਬਰ ਖਿਲਾਫ਼ ਲੜਨ ਵਾਲੀਆਂ ਜਥੇਬੰਦੀਆਂ ਦੇ ਸੰਘਰਸ਼ ਦੇ ਸਿੱਟੇ ਵਜੋਂ ਸੱਤਾ ਦੇ ਗਰੂਰ ਵਿੱਚ ਗੜੁੱਚ ਧਨਵਾਨ ਦੋਸ਼ੀਆਂ ਖਿਲਾਫ਼ ਐਸਸੀ/ਐਸਟੀ ਐਕਟ ਤਹਿਤ ਬਣਦੀਆਂ ਧਾਰਾਵਾਂ ਦਾ ਵਾਧਾ ਕਰਨ ਨੂੰ ਪਹਿਲੀ ਜਿੱਤ ਤੇ ਉਨ੍ਹਾਂ ਨੂੰ ਮੁਬਾਰਕਬਾਦ ਭੇਜੀ ਹੈ। ਜਥੇਬੰਦੀ ਦੀ ਸੂਬਾਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਚੰਦਭਾਨ ਦੇ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਜਥੇਬੰਦੀ ਮਜ਼ਦੂਰਾਂ ਦੇ ਘੋਲ ਦਾ ਸਮਰਥਨ ਕਰੇਗੀ।

ਜਥੇਬੰਦੀ ਦੀ ਸੂਬਾ ਕਮੇਟੀ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਮਜ਼ਦੂਰਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਉਨ੍ਹਾਂ ਖਿਲਾਫ਼ ਦਰਜ਼ ਕੀਤੇ ਗਏ ਪੁਲਿਸ ਕੇਸ ਰੱਦ ਕੀਤੇ ਜਾਣ, ਮਜ਼ਦੂਰਾਂ ਤੇ ਜ਼ਬਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਮਜ਼ਦੂਰਾਂ ਦੇ ਢਾਹੇ ਘਰਾਂ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਮੰਨੀਆਂ ਜਾਣ।

ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਚੰਦਭਾਨ ਕਾਂਡ ਪੁਲਿਸ, ਸਿਆਸੀ ਲੋਕਾਂ ਅਤੇ ਧਨਾਢਾਂ ਦੇ ਗੱਠਜੋੜ ਦੀ ਹੰਕਾਰੀ ਹੋਈ ਜਗੀਰੂ ਮਾਨਸਿਕਤਾ ਦੀ ਰਹਿੰਦ ਖੂੰਹਦ ਦਾ ਨਤੀਜਾ ਹੈ। ਅੱਜ ਵੀ ਸੱਤਾ, ਪੈਸੇ ਅਤੇ ਜਾਤਪਾਤੀ ਹੰਕਾਰ ਦੇ ਗਰੂਰ ਵਿੱਚ ਗੜੁੱਚ ਇਹ ਧਨਾਢ ਲੋਕ, ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਨੂੰ ਕੀੜੇ ਮਕੌੜੇ ਹੀ ਸਮਝਦੇ ਹਨ। ਇਹ ਲੋਕ ਗਰੀਬਾਂ ਅਤੇ ਦਲਿਤਾਂ ਤੇ ਹਰ ਤਰ੍ਹਾਂ ਦਾ ਜ਼ਬਰ ਕਰਨਾ ਅਤੇ ਰੋਹਬ ਮਾਰਨਾ ਆਪਣਾ ਪੈਦਾਇਸ਼ੀ ਹੱਕ ਸਮਝਦੇ ਹਨ। 

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹੁਣ ਜ਼ਮਾਨਾ ਬਦਲ ਗਿਆ ਹੈ। ਮਹਿਲਕਲਾਂ ਲੋਕ ਘੋਲ ਦੀ ਤਰਜ਼ ‘ਤੇ ਉੱਸਰੇ ਦਿੱਲੀ ਦੇ ਇਤਿਹਾਸਿਕ ਜੇਤੂ ਕਿਸਾਨ ਘੋਲ ਨੇ ਲੋਕਾਂ ਨੂੰ ਇੱਕ ਮੁੱਠ ਹੋਣ ਦੀ ਜਾਗ ਲਾਈ ਹੈ ਅਤੇ ਹੁਣ ਉਹ ਇਸ ਤਰ੍ਹਾਂ ਦੇ ਕਿਸੇ ਵੀ ਜ਼ਬਰ ਨੂੰ ਨਹੀਂ ਝੱਲਣਗੇ। ਕਿਸਾਨ ਆਗੂਆਂ ਨੇ ਦੁਹਰਾਇਆ ਕਿ ਜੇਕਰ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਮਜ਼ਦੂਰਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦੇਵੇਗੀ।

ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀ ਏਕਤਾ ਅਣਸਰਦੀ ਲੋੜ ਹੈ। ਇਸ ਤੋਂ ਬਿਨਾਂ ਸਮੁੱਚੇ ਕਿਰਤੀ ਲੋਕਾਂ ਖਿਲਾਫ਼ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਿਆ ਨਹੀਂ ਜਾ ਸਕਦਾ। ਜੇਕਰ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਬਚਾਉਣ ਦੀ ਲੜਾਈ ਜਿੱਤਣੀ ਹੈ ਤਾਂ ਹਰ ਤਰ੍ਹਾਂ ਦੇ ਜਾਤਪਾਤੀ ਦਾਬੇ ਅਤੇ ਜ਼ਬਰ ਦਾ ਡਟਵਾਂ ਵਿਰੋਧ ਕਰਦਿਆਂ ਆਪਣੀ ਏਕਤਾ ਮਜ਼ਬੂਤ ਕਰਨੀ ਹੋਵੇਗੀ। ਆਗੂਆਂ ਨੇ  ਪਾਰਲੀਮਾਨੀ ਸਿਆਸਤਦਾਨਾਂ ਵੱਲੋਂ ਮਜ਼ਦੂਰ-ਕਿਸਾਨ ਜਥੇਬੰਦੀਆਂ ਵਿੱਚ ਦਰਾੜ ਪਾਉਣ ਦੀ ਸਾਜ਼ਿਸ਼ ਰਚਣ ਨੂੰ ਕਰੜੇ ਹੱਥੀਂ ਲੈਂਦਿਆਂ ਬਾਜ ਆਉਣ ਦੀ ਚਿਤਾਵਨੀ ਦਿੱਤੀ।

ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਵਿੱਚ ਕੈਂਸਰ ਵੰਡਣ ਵਾਲੀਆਂ ਗੈਸ ਫੈਕਟਰੀਆਂ ਵਿਰੋਧੀ ਘੋਲ ਅਤੇ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਦਵਾਉਣ ਲਈ ਚੱਲ ਰਹੇ ਘੋਲ ਨੂੰ ਵੀ ਜਿੱਤ ਤੱਕ ਪਹੁੰਚਾਉਣ ਦਾ ਅਹਿਦ ਕੀਤਾ ਗਿਆ। ਜਥੇਬੰਦੀ ਇਨ੍ਹਾਂ ਦੋਵਾਂ ਮਸਲਿਆਂ ਤੇ ਪੂਰੇ ਜ਼ੋਰ ਨਾਲ ਲੜਾਈ ਲੜੇਗੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗ ਰਹੇ ਪੱਕੇ ਮੋਰਚੇ ਵਿੱਚ ਜਥੇਬੰਦੀ ਵੱਧ ਚੜ੍ਹ ਕੇ ਸ਼ਾਮਲ ਹੋਵੇਗੀ।

Published on: ਫਰਵਰੀ 12, 2025 4:54 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।