ਚੰਡੀਗੜ੍ਹ 15 ਫਰਵਰੀ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਮੁੱਖ ਮੰਤਰੀ ਦੀ ਅਗਵਾਈ ਵਿੱਚ ਕਈ ਤਰ੍ਹਾਂ ਦੇ ਇਤਿਹਾਸ ਰਚ ਰਹੀ ਹੈ। ਬੀਤੇ ਦਿਨ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਨੇ ਨੌਜਵਾਨ ਮੁੰਡੇ ਕੁੜੀਆਂ ਦੀ ਸਰਕਾਰੀ ਨੌਕਰੀਆਂ”ਭਰਤੀ ਦੀ ਮੁਹਿੰਮ” ਨੂੰ ਹੋਰ ਤੇਜ਼ ਕਰਦਿਆਂ ਫੈਸਲਾ ਲਿਆ ਹੈ ਕਿ ਛੇਤੀ ਹੀ ਲਗਭਗ 7 ਹਜਾਰ ਹੋਰ ਸਰਕਾਰੀ ਨੌਕਰੀਆਂ ਤੇ “ਪੱਕੀ ਭਰਤੀ” ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਸੂਬਾ ਜੁਇੰਟ ਸਕੱਤਰ ਬਚਿੱਤਰ ਸਿੰਘ ਪਟਿਆਲਾ , ਇੰਜੀ ਸੁਖਦੇਵ ਸਿੰਘ ਪਟਿਆਲਾ , ਮੁੱਖ ਸਲਾਹਕਾਰ ਦਰਸ਼ਨ ਸਿੰਘ ਪਤਲੀ ,ਖੁਸ਼ਵਿੰਦਰ ਸਿੰਘ ਕਪਿਲਾ ਪਟਿਆਲਾ, ਹਰਪਾਲ ਸਿੰਘ ਖਾਲਸਾ ਮੁਹਾਲੀ,ਜਿਲਾ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਜਿਲਾ ਸਕੱਤਰ ਇੰਜਨੀਅਰ ਅਪਨਿੰਦਰ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਆਮ ਆਦਮੀ ਦੀ ਸਰਕਾਰ ਦੀ ਇਹ ਭਰਤੀ ਮੁਹਿੰਮ ਜਿੱਥੇ,ਪੰਜਾਬ ਦੀ ਨੌਜਵਾਨੀ ਦੀ ਪ੍ਰਵਾਸ ਕਰਨ ਦੀ ਹੋੜ ਨੂੰ ਠੱਲ ਪਾਵੇਗੀ ਓਥੇ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਸੂਬੇ ਵਿੱਚ ਹੀ ਜਿੱਥੇ ਰੁਜ਼ਗਾਰ ਮਿਲੇਗਾ ਉੱਥੇ ਵਿਦੇਸ਼ਾਂ ਵਿੱਚ ਸਾਡੀ ਨੌਜਵਾਨੀ ਦੀ ਹੋ ਰਹੀ ਬੇਕਦਰੀ ਨੂੰ ਵੀ ਰਾਹਤ ਮਿਲੇਗੀ ਅਤੇ ਮਾਪਿਆਂ ਦਾ ਲੱਖਾਂ ਰੁਪਿਆਂ ਹੋ ਰਿਹਾ ਖਰਚਾ ਰੁਕੇਗਾ, ਉਥੇ ਨੌਜਵਾਨ ਆਪਣੀਆਂ ਸੇਵਾਵਾਂ ਪੰਜਾਬ ਸੂਬੇ ਵਾਸਤੇ ਨਿਭਾਉਣਗੇ।
ਇੱਥੇ ਵਰਨਣਯੋਗ ਹੈ ਕਿ ਮਾਨ ਸਰਕਾਰ ਨੇ ਰਾਜਭਾਗ ਸੰਭਾਲਦੇ ਹੀ ਭਰਤੀ ਮੁਹਿੰਮ ਦਾ ਤਹਈਆ ਕੀਤਾ ਸੀ ਜੋ ਕਿ ਹੁਣ ਤੱਕ ਪੰਜਾਹ ਹਜ਼ਾਰ ਤੋਂ ਉੱਪਰ ਪੱਕੀ ਭਰਤੀ ਕੀਤੀ ਜਾ ਚੁੱਕੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਭਰਤੀਆਂ ਵਿੱਚ ਸਾਰੀਆਂ ਅਸਾਮੀਆਂ ਨਿਰੋਲ ਮੈਰਿਟ ਉਪਰ, ਬਿਨਾ ਰਿਸ਼ਵਤ, ਬਿਨਾਂ ਸਿਫਾਰਸ਼ ਅਤੇ ਬਿਨਾਂ ਵਿਤਕਰੇ ਤੋਂ ਨਿਰਪੱਖ ਸ਼ੁੱਧ ਭਰਤੀ ਹੋਈ ਹੈ। ਇੱਕ ਵੀ ਭਰਤੀ ਅਦਾਲਤ ਵਿੱਚ ਚੈਲੇੰਜ ਨਹੀਂ ਹੋਈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੁਝਾਅ ਦਿੱਤਾ ਹੈ ਕਿ ਕਈ ਵਿਭਾਗਾਂ ਵਿੱਚ ਤਕਨੀਕੀ ਸਟਾਫ ਜਿਵੇਂ ਡਰਾਫਟਸਮੈਨ ਕੇਡਰ,ਸਟੈਨੋ ਟਾਈਪਿਸਟ ਸਟੈਨੋਗ੍ਰਾਫਰ,ਆਯੁਰਵੈਦ ਡਾਕਟਰ ,ਵੈਦ ,ਉਪ ਵੈਦ,ਸਰਕਾਰੀ ਡਰਾਈਵਰ, ਦਰਜਾ ਚਾਰ ਦੀਆਂ ਭਰਤੀਆਂ ਦੀ ਬਹੁਤ ਘਾਟ ਹੈ ਜਿੱਥੇ ਕਿ ਬਾਹਰੀ ਸਰੋਤਾਂ ਤੋਂ ਕਰਮਚਾਰੀ ਠੇਕੇਦਾਰ ਸਿਸਟਮ ਰਾਹੀਂ ਕੰਮ ਕਰਦੇ ਹਨ। ਜਿੱਥੇ ਨੌਜਵਾਨਾਂ ਦਾ ਸ਼ੋਸਣ ਹੁੰਦਾ ਹੈ,ਇੱਥੇ ਵੀ ਸਰਕਾਰੀ ਸਕੇਲ ਵਿੱਚ ਪੱਕੀਆਂ ਭਰਤੀਆਂ ਕੀਤੀਆਂ ਜਾਣ।
Published on: ਫਰਵਰੀ 15, 2025 2:37 ਬਾਃ ਦੁਃ