ਮਰਹੂਮ ਕਾਮਰੇਡ ਕਰਮ ਸਿੰਘ ‘ਸੱਤ’ ਛਾਜਲੀ ਨਮਿੱਤ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ
ਦਿੜ੍ਹਬਾ: 15 ਫਰਵਰੀ (ਜਸਵੀਰ ਲਾਡੀ )
05 ਫਰਵਰੀ ਨੂੰ ਬੇਵਕਤ ਸਦੀਵੀ ਵਿਛੋੜਾ ਦੇ ਗਏ ਕਰਮ ਸਿੰਘ ‘ਸੱਤ’ ਛਾਜਲੀ ਦੇ ਭੋਗ ਸਮਾਗ਼ਮ ਮੌਕੇ ਪਿੰਡ ਛਾਜਲੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ਸਮਾਗ਼ਮ ਕੀਤਾ ਗਿਆ। ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਜੱਥੇਬੰਦਕ ਕੇਡਰਾਂ ਦੀ ਸ਼ਮੂਲੀਅਤ ਦੇ ਭਰੇ ਪੰਡਾਲ ਵਿੱਚ ਦੇਸ ਰਾਜ ਛਾਜਲੀ, ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਡਾਕਟਰ ਬਰਜਿੰਦਰ ਸਿੰਘ ਸੋਹਲ, ਸੁਖਦੇਵ ਸਿੰਘ ਪਟਵਾਰੀ, ਜਗਜੀਤ ਭੁਟਾਲ਼ ਨੇ ਸੰਬੋਧਨ ਕਰਦਿਆਂ ਵਿੱਛੜੇ ਆਗੂ ਦੇ ਇਨਕਲਾਬੀ ਜੀਵਨ ਬਾਰੇ ਚਾਨਣਾ ਪਾਇਆ। ਬੁਲਾਰਿਆਂ ਨੇ ਕਿਹਾ ਕਿ ਭਰ ਜੁਆਨ ਉਮਰ ਤੋਂ ਹੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਰਾਹੀਂ ਇਨਕਲਾਬੀ ਲਹਿਰ ਨਾਲ਼ ਜੁੜੇ ਕਾਮਰੇਡ ‘ਸੱਤ’ ਨੇ ਆਖ਼ਰੀ ਸਾਹਾਂ ਤੱਕ ਆਪਣੇ ਇਨਕਲਾਬੀ ਅਕੀਦਿਆਂ ਉੱਪਰ ਪਹਿਰਾ ਦਿੱਤਾ ਹੈ। ਬੁਲਾਰਿਆਂ ਨੇ ਇਸ ਬੇਵਕਤੀ ਮੌਤ ਲਈ ਦੇਸ਼ ਦੇ ਘਟੀਆ ਸਿਹਤ ਪ੍ਰਬੰਧਾਂ ਦੀ ਕਰੜੀ ਆਲੋਚਨਾ ਕੀਤੀ। ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਲੋਕ ਘੋਲ਼ਾਂ ਪ੍ਰਤੀ ਜ਼ਬਰ-ਜ਼ੁਲਮ ਦੀ ਨੀਤੀ ਦਾ ਸਖ਼ਤ ਵਿਰੋਧ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ‘ਸੱਤ’ ਹਮੇਸ਼ਾਂ ਲੋਕ-ਘੋਲ਼ਾਂ ਦੀ ਖ਼ੈਰੀਅਤ ਲਈ ਜੀਂਦਾ ਰਿਹਾ। ਵਿੱਛੜੇ ਸਾਥੀ ਦੇ ਜੀਵਨ-ਸਫ਼ਰ ਨੂੰ ਤਰਤੀਬ-ਬੱਧ ਤਰੀਕੇ ਨਾਲ਼ ਪੇਸ਼ ਕਰਨ ਲਈ ਗੁਰਮੇਲ ਭੁਟਾਲ਼ ਦੀ ਪ੍ਰਕਾਸ਼ਨਾ ਹੇਠ ਦੁਵਰਕੀ , ਪ੍ਰਵੀਨ ਖੋਖਰ ਵੱਲੋ ਲਿਖੀ ਜੀਵਨੀ ਤੋਂ ਇਲਾਵਾ ਮਰਹੂਮ ਨਾਮਦੇਵ ਸਿੰਘ ਭੁਟਾਲ਼ ਨੂੰ ਸਮਰਪਿਤ ਅਤੇ ‘ਸੱਤ’ ਦੀਆਂ ਲਿਖ਼ਤਾਂ ਨਾਲ਼ ਭਰਪੂਰ ਪੁਸਤਕ ‘ਯਾਦਗਾਰੀ ਹਰਫ਼’ ਨੂੰ ਹਾਜ਼ਰੀਨ ਨੇ ਦਿਲਚਸਪ ਹੁੰਗਾਰਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਮਾਨਵੀ ਰਿਸ਼ਤਿਆਂ ਦੇ ਮਾਮਲੇ ਵਿੱਚ ਬਹੁਤ ਸੰਵੇਦਨਸ਼ੀਲ ਤੇ ਭਾਵੁਕ ਵੀ ਸੀ ਅਤੇ ਮੁਸ਼ਕਲਾਂ ਨੂੰ ਜ਼ਿੰਦਾਦਿਲੀ ਨਾਲ਼ ਝੱਲਣ ਵਾਲ਼ੇ ਤਹੱਮਲੀ ਜ਼ੇਰੇ ਦਾ ਮਾਲਕ ‘ਸੱਤ’ ਉਮਰ ਦੇ ਇਕਹੱਤਰਵੇਂ ਵਰ੍ਹੇ ਵਿੱਚ ਪਰਵੇਸ਼ ਕਰਦਿਆਂ ਹਾਰਟ ਦੀ ਮਾਮੂਲੀ ਦਿੱਕਤ ਹੋਣ ਦੇ ਬਾਵਜੂਦ, ਹਾਲੇ ਕਾਇਮ ਸੀ। ਉਹ ਹਾਲੇ ਹੋਰ ਜੀਣ ਦਾ ਯਕੀਨ ਲੈ ਕੇ ਚੱਲ ਰਿਹਾ ਸੀ। ਸ਼ਰਧਾਜਲੀ ਸਮਾਗ਼ਮ ਮੌਕੇ ਗ੍ਰਾਮ ਪੰਚਾਇਤ ਛਾਜਲੀ ਤੋਂ ਇਲਾਵਾ ਸਮੂਹ ਕਿਸਾਨ ਮਜ਼ਦੂਰ ਜੱਥੇਬੰਦੀਆਂ, ਵੱਖ-ਵੱਖ ਸੰਸਥਾਵਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਸਾਥੀਆਂ ਵੱਲੋਂ ਸ਼ੋਕ ਮਤੇ ਭੇਜੇ ਗਏ। ਇਸ ਮੌਕੇ ਬੀ ਕੇ ਯੂ ਕਰਾਂਤੀਕਾਰੀ ਦੇ ਸੂਬਾ ਪ੍ਰੈੱਸ ਸਕੱਤਰ ਡਾਕਟਰ ਜਰਨੈਲ ਸਿੰਘ ਕਾਲ਼ੇਕੇ, ਲੋਕ ਸੰਗਰਾਮ ਮੋਰਚਾ, ਪੰਜਾਬ ਦੇ ਸੂਬਾਈ ਆਗੂ ਸੁਖਮੰਦਰ ਸਿੰਘ ਬਠਿੰਡਾ, ਬੀ ਕੇ ਯੂ ਡਕੌਂਦਾ ਦੇ ਮਨਜੀਤ ਸਿੰਘ ਧਨੇਰ, ਬੀ ਕੇ ਯੂ ਡਕੌਂਦਾ ਦੇ ਸੂਬਾਈ ਆਗੂ ਡਾਕਟਰ ਜਗਮੋਹਨ ਪਟਿਆਲ਼ਾ, ਗੁਰਮੀਤ ਭੱਟੀਵਾਲ਼, ਡੀ ਟੀ ਐੱਫ ਦੇ ਆਗੂ ਕੁਲਦੀਪ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਕਈ ਸੀਨੀਅਰ ਆਗੂਆਂ ਤੋਂ ਇਲਾਵਾ ਬਹੁਤ ਸਾਰੀਆਂ ਨਾਮਵਰ ਸਖ਼ਸ਼ੀਅਤਾਂ ਵੀ ਹਾਜ਼ਰ ਸਨ ਜਿੰਨ੍ਹਾਂ ਵਿੱਚ ਸਾਬਕਾ ਵਿਦਿਆਰਥੀ ਆਗੂ ਬਸਾਖਾ ਸਿੰਘ, ਮੇਜਰ ਸਿੰਘ ਮੱਟਰਾਂ, ਰਾਜਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ, ਗਿਆਨ ਚੰਦ ਸ਼ਰਮਾ, ਜਗਦੀਸ਼ ਪਾਪੜਾ, ਰਘਵੀਰ ਭੁਟਾਲ਼, ਵਰਿੰਦਰ ਭੁਟਾਲ਼ ਆਦਿ ਨਾਂ ਜ਼ਿਕਰਯੋਗ ਹਨ। ਸਟੇਜ ਸਕੱਤਰ ਦੀ ਭੂਮਿਕਾ ਗੁਰਮੇਲ ਭੁਟਾਲ਼ ਨੇ ਨਿਭਾਈ।
Published on: ਫਰਵਰੀ 16, 2025 5:40 ਬਾਃ ਦੁਃ